ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਖੇਡੇ ਗਏ ਤੀਸਰੇ ਵਨਡੇ ਮੈਚ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀਆਂ 160 ਦੌੜਾਂ ਦੀ ਪਾਰੀ ਦੇ ਬਾਅਦ ਕਈ ਸਾਰੇ ਦਿੱਗਜਾਂ ਨੇ ਇਸ ਭਾਰਤੀ ਬੱਲੇਬਾਜ਼ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਹਨ। ਮਾਈਕਲ ਕਲਾਰਕ, ਡੇਵਿਡ ਵਾਰਨਰ, ਜਾਵੇਦ ਮਿਆਂਦਾਦ ਦੇ ਬਾਅਦ ਹੁਣ ਮਹਾਨ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਕੋਹਲੀ ਦੀ ਤਾਰੀਫ ਕੀਤੀ ਹੈ। ਅਕਰਮ ਨੇ ਕਿਹਾ ਭਾਰਤੀ ਰਨ ਮਸ਼ੀਨ ਦੇ ਸਾਹਮਣੇ ਉਨ੍ਹਾਂ ਨੂੰ ਵੀ ਗੇਂਦਬਾਜ਼ੀ ਕਰਨ 'ਚ ਦਿੱਕਤ ਹੁੰਦੀ।
ਇਕ ਇੰਟਰਵਿਊ 'ਚ ਵਸੀਮ ਅਕਰਮ ਨੇ ਕੋਹਲੀ ਦੀ ਰੱਜ ਕੇ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਕੋਹਲੀ ਦੀ ਫਿੱਟਨੈਸ ਨੇ ਉਸ ਨੂੰ ਇਕ ਨਵੇਂ ਪੱਧਰ 'ਤੇ ਪਹੁੰਚਾਇਆ ਹੈ। ਇਕ ਤੈਅ ਉਮਰ ਦੇ ਬਾਅਦ ਬੱਲੇਬਾਜ਼ ਮਾਹਰ ਹੋ ਜਾਂਦਾ ਹੈ ਅਤੇ ਉਸ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਉਹ ਦੌੜਾਂ ਬਣਾ ਸਕਦਾ ਹੈ।
ਮੈਨੂੰ ਲਗਦਾ ਹੈ ਕਿ ਕੋਹਲੀ ਨੂੰ 2-3 ਸਾਲਾਂ ਪਹਿਲੇ ਇਸ ਦਾ ਅੰਦਾਜ਼ਾ ਹੋ ਗਿਆ ਕਿ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਦੌੜਾਂ ਬਣਾਉਂਦੇ ਹਨ ਅਤੇ ਹਾਲਾਤ ਦੇ ਹਿਸਾਬ ਨਾਲ ਕਿਸ ਤਰ੍ਹਾਂ ਦੇ ਸ਼ਾਟ ਖੇਡਣੇ ਚਾਹੀਦੇ ਹਨ। ਦੁਨੀਆ ਦੇ ਮਹਾਨ ਗੇਂਦਬਾਜ਼ਾਂ 'ਚ ਸ਼ੁਮਾਰ ਵਸੀਮ ਅਕਰਮ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੂੰ ਖੁਦ ਕੋਹਲੀ ਦੇ ਸਾਹਮਣੇ ਗੇਂਦਬਾਜ਼ੀ ਕਰਨ 'ਚ ਪਰੇਸ਼ਾਨੀ ਹੁੰਦੀ, ਭਾਵੇਂ ਕਿਸੇ ਵੀ ਤਰ੍ਹਾਂ ਦੀ ਪਿੱਚ ਹੋਵੇ।
ਅਕਰਮ ਨੇ ਕਿਹਾ ਕਿ ਕੋਹਲੀ ਨੂੰ ਖੇਡਦੇ ਵੇਖਣਾ ਖੁਸ਼ੀ ਦਿੰਦਾ ਹੈ। ਜੇਕਰ ਮੈਂ ਵੀ ਯੁਵਾ ਹੁੰਦਾ ਅਤੇ ਵਿਰਾਟ ਕੋਹਲੀ ਦੇ ਸਾਹਮਣੇ ਗੇਂਦਬਾਜ਼ੀ ਕਰਦਾ ਤਾਂ ਮੇਰੇ ਲਈ ਵੀ ਮੁਸ਼ਕਲ ਹੁੰਦੀ ਕਿ ਉਨ੍ਹਾਂ ਲਈ ਕਿੱਥੋਂ ਗੇਂਦ ਸੁੱਟਾਂ। ਭਾਵੇ ਕਿਸੇ ਵੀ ਤਰ੍ਹਾਂ ਦੀ ਪਿੱਚ ਹੁੰਦੀ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ (ਕੋਹਲੀ) ਇਕ ਸੰਪੂਰਨ ਖਿਡਾਰੀ ਹਨ। ਮੈਨੂੰ ਲਗਦਾ ਹੈ ਕਿ ਵਰਲਡ ਕ੍ਰਿਕਟ 'ਚ ਸਚਿਨ ਦੇ ਬਾਅਦ ਹੁਣ ਉਨ੍ਹਾਂ ਦੀ ਵਾਰੀ ਹੈ।
ਦੱਖਣੀ ਅਫਰੀਕਾ ਖਿਲਾਫ ਪਿਛਲੇ ਇਕ ਰੋਜ਼ਾ ਮੈਚ 'ਚ ਵਿਰਾਟ ਦੀ ਸ਼ਾਨਦਾਰ ਪਾਰੀ ਦੀ ਸ਼ਲਾਘਾ ਕਰਦੇ ਹੋਏ ਅਕਰਮ ਨੇ ਕਿਹਾ ਕਿ ਉਹ (ਕੋਹਲੀ) ਸਭ ਚੀਜ਼ਾਂ 'ਚ ਬਹੁਤ ਚੰਗੇ ਹਨ ਅਤੇ ਆਪਣੇ ਟੀਚੇ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਦੇ ਸ਼ਾਨਦਾਰ ਰਿਕਾਰਡ ਨੂੰ ਦੇਖਿਆ ਹੀ ਹੈ। ਉਹ ਇਕ ਰੋਜ਼ਾ ਕ੍ਰਿਕਟ 'ਚ 90 ਦੀ ਔਸਤ ਨਾਲ ਦੌੜਾਂ ਬਣਾ ਰਹੇ ਹਨ ਅਤੇ ਹੁਣ ਉਨ੍ਹਾਂ ਨੇ ਪਹਿਲੀ ਪਾਰੀ 'ਚ 160 ਦੌੜਾਂ (ਅਜੇਤੂ) ਦੀ ਪਾਰੀ ਖੇਡੀ ਹੈ।