ਕੋਹਰੇ ਦੇ ਨਾਲ ਠੰਡ ਦੀ ਮਾਰ, 12 ਟਰੇਨਾਂ ਰੱਦ , 20 ਉਡਾਣਾਂ 'ਚ ਦੇਰੀ

ਖਾਸ ਖ਼ਬਰਾਂ

ਨਵੇਂ ਸਾਲ ਦੀ ਆਮਦ ‘ਤੇ ਠੰਡ ਆਪਣੇ ਪੂਰੇ ਜ਼ੋਰ ‘ਤੇ ਹੈ। ਸਿਰਫ ਠੰਡ ਹੀ ਨਹੀਂ, ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਅੱਜ ਚੌਥੇ ਦਿਨ ਧੁੰਦ ਵੀ ਆਪਣੇ ਪੂਰੇ ਜ਼ੋਰ ‘ਤੇ ਹੈ, ਜਿਸ ਨਾਲ ਆਮ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ ਅਤੇ ਜ਼ਿੰਦਗੀ ਦੀ ਰਫ਼ਤਾਰ ਹੌਲੀ ਹੋ ਗਈ ਹੈ। ਇਸ ਸੰਘਣੀ ਧੁੰਦ ‘ਚ ਵਿਜ਼ੀਬਿਲਟੀ ਘੱਟ ਹੋਣ ਕਾਰਨ ਕੁਝ ਵੀ ਦਿਖਾਈ ਨਹੀਂ ਦਿੰਦਾ, ਜਿਸ ਨਾਲ ਹਰ ਵੇਲੇ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

ਦੂਜੇ ਪਾਸੇ ਇਹ ਠੰਡ ਕਣਕ ਲਈ ਬਹੁਤ ਫਾਇਦੇਮੰਦ ਹੈ, ਇਸ ਨਾਲ ਕਣਕ ਦਾ ਝਾੜ ਵੱਧਣ ਦੀ ਸੰਭਾਵਨਾ ਹੈ ਕਿਉਂਕਿ ਇਸ ਵਾਰ ਮੌਸਮ ਫਸਲ ਦੇ ਅਨੁਕੂਲ ਹੀ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ‘ਚ ਠੰਡ ਦਾ ਅਸਰ ਇਸੇ ਤਰ੍ਹਾਂ ਹੀ ਬਣਿਆ ਰਹਿ ਸਕਦਾ ਹੈ। ਰਾਜਧਾਨੀ ਦਿੱਲੀ ਵਿਚ ਧੁੰਦ ਕਾਰਨ ਖ਼ਰਾਬ ਹਲਾਤਾਂ ਦੇ ਕਾਰਨ 49 ਟਰੇਨਾਂ ਦੇਰੀ ਵਿਚ ਹਨ, 13 ਦਾ ਸਮਾਂ ਦੁਬਾਰਾ ਤੈਅ ਕੀਤਾ ਗਿਆ ਹੈ ਅਤੇ 12 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਹਾਈਵੇਅ ‘ਤੇ ਧੁੰਦ ਜ਼ਿਆਦਾ ਹੋਣ ਕਾਰਨ ਵਾਹਨ ਕੀੜੀ ਦੀ ਚਾਲ ਚਲਦੇ ਦਿਖਾਈ ਦੇ ਰਹੇ ਹਨ। ਠੰਡ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ ਮਹਾਨਗਰ ਨੇ ਪਹਾੜੀ ਇਲਾਕਿਆਂ ਨੂੰ ਵੀ ਮਾਤ ਦੇ ਦਿੱਤੀ। ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਕਈ ਜ਼ਿਲ੍ਹਿਆਂ ਦੀ ਤੁਲਨਾ ਵਿਚ ਬਠਿੰਡਾ ਅਤੇ ਲੁਧਿਆਣਾ ਜ਼ਿਆਦਾ ਠੰਡਾ ਰਿਹਾ। 

ਮੌਸਮ ਵਿਭਾਗ ਦੇ ਅੰਦਾਜ਼ੇ ਅਨੁਸਾਰ ਮੰਗਲਵਾਰ ਨੂੰ ਵੀ ਸਵੇਰ ਦੇ ਸਮੇਂ ਸੰਘਣਾ ਕੋਹਰਾ ਛਾਇਆ ਰਹੇਗਾ ਅਤੇ ਦਿਨ ਵਿਚ ਬੱਦਲ ਛਾਏ ਰਹਿਣਗੇ। ਛੇ ਜਨਵਰੀ ਤੱਕ ਕੜਾਕੇ ਦੀ ਸਰਦੀ ਦਾ ਸਾਹਮਣਾ ਕਰਨਾ ਪਵੇਗਾ। ਇੰਡੀਆ ਮੈਟ੍ਰੋਲਾਜਿਕਲ ਡਿਪਾਰਟਮੈਂਟ ਚੰਡੀਗੜ੍ਹ ਅਨੁਸਾਰ ਬਠਿੰਡਾ ਸਭ ਤੋਂ ਠੰਡਾ ਰਿਹਾ।