ਕੁੜੀਆਂ ਦੀ 'ਚੜ੍ਹਦੀ ਜਵਾਨੀ ' ਨੂੰ ਚੰਡੀਗੜ੍ਹ ਖਾ ਗਿਆ'

ਖਾਸ ਖ਼ਬਰਾਂ

ਚੰਡੀਗੜ੍ਹ : ਪੰਜਾਬੀ ਗਾਇਕ ਬੱਬੂ ਮਾਨ ਦੇ ਗੀਤ ਚੜ੍ਹਦੀ ਜਵਾਨੀ ਚੰਡੀਗੜ੍ਹ ਖਾ ਗਿਆ' 'ਚ ਭਾਵੇਂ ਹੀ ਸ਼ਹਿਰ ਦੀ ਤਾਰੀਫ ਕੀਤੀ ਗਈ ਹੈ ਪਰ ਇਹ ਲਾਈਨਾਂ ਉਨ੍ਹਾਂ ਕੁੜੀਆਂ 'ਤੇ ਪੂਰੀ ਤਰ੍ਹਾਂ ਢੁੱਕਦੀਆਂ ਹਨ, ਜਿਨ੍ਹਾਂ ਨੂੰ ਇਸ ਸ਼ਹਿਰ ਨੇ ਪੂਰੀ ਉਮਰ ਨਾ ਭੁੱਲਣ ਵਾਲਾ ਦਰਦ ਦੇ ਦਿੱਤਾ ਹੈ। 

ਇਨ੍ਹਾਂ ਕੁੜੀਆਂ ਦੀ ਚੜ੍ਹਦੀ ਜਵਾਨੀ ਬਲਾਤਕਾਰ ਵਰਗੀਆਂ ਘਟਨਾਵਾਂ ਨੇ ਤਬਾਹ ਕਰ ਦਿੱਤੀ। ਇਸ ਸਾਲ ਸ਼ਹਿਰ 'ਚ ਬਲਾਤਕਾਰ ਦੀਆਂ ਵੱਡੀਆਂ ਵਾਰਦਾਤਾਂ ਵਾਪਰੀਆਂ, ਜਿਨ੍ਹਾਂ ਨੇ ਸ਼ਹਿਰ ਵਾਸੀਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ। 

ਸ਼ਹਿਰ ਦੇ ਸੈਕਟਰ-53 ਦੇ ਜੰਗਲਾਂ 'ਚ ਆਟੋ ਚਾਲਕ ਨੇ ਆਪਣੀ ਸਾਥੀਆਂ ਸਮੇਤ 22 ਸਾਲਾ ਮੁਟਿਆਰ ਨਾਲ ਸਮੂਹਕ ਬਲਾਤਕਾਰ ਕੀਤਾ ਅਤੇ ਲੜਕੀ ਨੂੰ ਜੰਗਲ 'ਚ ਛੱਡ ਕੇ ਦੋਸ਼ੀ ਫਰਾਰ ਹੋ ਗਏ। ਮੋਹਾਲੀ ਦੀ ਰਹਿਣ ਵਾਲੀ ਪੀੜਤ ਲੜਕੀ ਟਾਈਪਿੰਗ ਦੀ ਕਲਾਸ ਲਾ ਕੇ ਵਾਪਸ ਘਰ ਜਾ ਰਹੀ ਸੀ ਕਿ ਰਸਤੇ 'ਚ ਹੀ ਉਸ ਨੂੰ ਹਵਸ ਦੇ ਪੁਜਾਰੀ ਮਿਲ ਗਏ। ਇਸ ਮਾਮਲੇ 'ਚ ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਚਿਲਡਰਨ ਪਾਰਕ 'ਚ ਬੱਚੀ ਨਾਲ ਬਲਾਤਕਾਰ

ਇਸ ਸਾਲ 15 ਅਗਸਤ ਵਾਲੇ ਦਿਨ ਜਿੱਥੇ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ, ਉਸ ਸਮੇਂ ਸ਼ਹਿਰ ਦੇ ਚਿਲਡਰਨ ਪਾਰਕ 'ਚ 8ਵੀਂ ਜਮਾਤ 'ਚ ਪੜ੍ਹਦੀ ਬੱਚੀ ਦੀ ਇੱਜ਼ਤ ਨੂੰ ਤਾਰ-ਤਾਰ ਕਰ ਦਿੱਤਾ ਗਿਆ। ਪੀੜਤ ਬੱਚੀ ਸੈਕਟਰ-23 'ਚ ਸਥਿਤ ਚਿਲਡਰਨ ਟ੍ਰੈਫਿਕ ਪਾਰਕ 'ਚ ਆਯੋਜਿਤ ਆਜ਼ਾਦੀ ਸਮਾਰੋਹ ਦੇ ਪ੍ਰੋਗਰਾਮ 'ਚੋਂ ਹਿੱਸਾ ਲੈ ਕੇ ਵਾਪਸ ਆ ਰਹੀ ਸੀ। ਇਸੇ ਦੌਰਾਨ ਇਕ ਨੌਜਵਾਨ ਨੇ ਉਸ ਨੂੰ ਚਾਕੂ ਦੀ ਨੋਕ 'ਤੇ ਅਗਵਾ ਕਰਕੇ ਉਸ ਨਾਲ ਅਜਿਹੀ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ।

ਕਲਯੁਗੀ ਮਾਮਿਆਂ ਵਲੋਂ 10 ਸਾਲਾ ਭਾਣਜੀ ਨਾਲ ਬਲਾਤਕਾਰ ਕੀਤੇ ਜਾਣ ਦੀ ਘਟਨਾ ਨੇ ਹਰ ਦੇਸ਼ ਵਾਸੀ ਦੇ ਦਿਲ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ। ਸਿਰਫ ਇੰਨਾ ਹੀ ਨਹੀਂ, ਮਾਮਿਆਂ ਵਲੋਂ ਹਵਸ ਦਾ ਸ਼ਿਕਾਰ ਬਣਨ ਤੋਂ ਬਾਅਦ ਮਾਸੂਮ ਗਰਭਵਤੀ ਹੋ ਗਈ। 

 ਜਿਸ ਨੇ ਅਗਸਤ ਮਹੀਨੇ 'ਚ ਇਕ ਬੱਚੀ ਨੂੰ ਜਨਮ ਦਿੱਤਾ। ਫਿਲਹਾਲ ਦੋਸ਼ੀਆਂ ਕੀਤੇ ਗੁਨਾਹ ਲਈ ਅਦਾਲਤ ਨੇ ਦੋਹਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਦੂਜੇ ਪਾਸੇ ਮਾਸੂਮ ਵੱਲੋਂ ਜਿਸ ਬੱਚੀ ਨੂੰ ਜਨਮ ਦਿੱਤਾ ਗਿਆ ਸੀ, ਉਸ ਨੂੰ ਵੀ ਚੰਗੇ ਪਰਿਵਾਰ ਵਲੋਂ ਗੋਦ ਲੈ ਲਿਆ ਗਿਆ ਹੈ।

ਪਿਓ-ਧੀ ਦੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਦੇ ਹੋਏ ਮਤਰੇਏ ਪਿਓ ਨੇ 14 ਸਾਲਾਂ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪੀੜਤ ਲੜਕੀ ਨੇ ਇਸ ਦੀ ਸ਼ਿਕਾਇਤ ਚਾਈਲਡ ਹੈਲਪਲਾਈਨ ਨੂੰ ਦਿੱਤੀ ਗਈ ਸੀ। ਚਾਈਲਡ ਹੈਲਪਲਾਈਨ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।