ਜਲੰਧਰ: ਲਾਈਸੈਂਸ ਬਣਾਉਣ ਲਈ ਹੁਣ ਤੁਹਾਨੂੰ ਏਜੰਟਾਂ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਦੱਸ ਦਈਏ ਕਿ ਲਰਨਿੰਗ ਲਾਈਸੈਂਸ ਹੁਣ ਸਿਰਫ ਆਨਲਾਈਨ ਹੀ ਬਣੇਗਾ। ਟਰਾਂਸਪੋਰਟ ਵਿਭਾਗ ਨੇ ਵੀਰਵਾਰ ਤੋਂ ਡਰਾਈਵਿੰਗ ਲਾਈਸੈਂਸ ਲਈ ਹੱਥੀਂ ਅਰਜ਼ੀ ਲੈਣਾ ਬੰਦ ਕਰ ਦਿੱਤਾ ਹੈ। ਆਰ. ਟੀ. ਏ. ਦਫਤਰ 'ਚ ਸਿਰਫ ਮੈਡੀਕਲ ਜਾਂਚ, ਉਮੀਦਵਾਰ ਦੀ ਫੋਟੋ ਅਤੇ ਟੈਬ ਟੈਸਟ ਹੀ ਹੋਵੇਗਾ। ਫਿਲਹਾਲ ਫੀਸ ਕਾਊਂਟਰ 'ਤੇ ਜਮ੍ਹਾ ਕਰਾਉਣੀ ਹੋਵੇਗੀ ਪਰ ਅਗਲੇ ਹਫਤੇ ਤੋਂ ਲੋਕਾਂ ਨੂੰ ਵੈੱਬਸਾਈਟ 'ਤੇ ਹੀ ਆਨਾਲੀਨ ਭੁਗਤਾਨ ਕਰਨ ਦੀ ਸੁਵਿਧਾ ਮਿਲੇਗੀ।
ਉੱਥੇ ਹੀ, ਜਿਹੜੇ ਲੋਕ ਬਾਹਰ ਤੋਂ ਯੋਗਤਾ ਪ੍ਰਾਪਤ ਡਾਕਟਰ ਕੋਲੋਂ ਮੈਡੀਕਲ ਬਣਾਉਣਗੇ ਉਨ੍ਹਾਂ ਨੂੰ ਆਰ. ਟੀ. ਏ. ਦਫਤਰ 'ਚ ਮੈਡੀਕਲ ਕਰਾਉਣ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਉੱਥੇ ਸਿਰਫ ਫੋਟੋ ਕਰਵਾਉਣ 'ਤੇ ਟੈਬ ਟੈਸਟ ਦੇਣ ਹੀ ਜਾਣਾ ਹੋਵੇਗਾ ਅਤੇ ਉਮੀਦਵਾਰ ਨੂੰ ਮੌਕੇ 'ਤੇ ਹੀ ਲਰਨਿੰਗ ਲਾਈਸੈਂਸ ਜਾਰੀ ਕੀਤਾ ਜਾਵੇਗਾ। 30 ਦਿਨਾਂ ਦੇ ਅੰਦਰ-ਅੰਦਰ ਪੱਕਾ ਡਰਾਈਵਿੰਗ ਲਾਈਸੈਂਸ ਬਣਨ ਦੀ ਸਰਵਿਸ ਵੀ ਆਨਲਾਈਨ ਹੋ ਜਾਵੇਗੀ। ਜਾਣਕਾਰੀ ਮੁਤਾਬਿਕ ਇਸ ਤਹਿਤ ਰੋਜ਼ਾਨਾ 60 ਲਰਨਿੰਗ ਲਾਈਸੈਂਸ ਬਣਨਗੇ। ਪਹਿਲਾਂ ਦੁਪਹਿਰ ਡੇਢ ਵਜੇ ਤੱਕ ਲਾਈਸੈਂਸ ਬਣਦੇ ਸਨ, ਹੁਣ ਸ਼ਾਮ 4 ਵਜੇ ਤੱਕ ਬਣਨਗੇ।
ਕੀ ਕਰਨਾ ਹੋਵੇਗਾ ਲਾਈਸੈਂਸ ਬਣਾਉਣ ਲਈ?
ਇਸ ਲਈ ਤੁਹਾਨੂੰ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ http://punjabtransport.org/ 'ਤੇ ਜਾਣਾ ਹੋਵੇਗਾ। ਇੱਥੇ ਸਭ ਤੋਂ ਹੇਠਾਂ ਤੁਹਾਨੂੰ 'ਐਪਲੀਕੇਸ਼ਨ ਫਾਰ ਆਨਲਾਈਨ ਲਰਨਰ ਲਾਈਸੈਂਸ' ਦਿਖਾਈ ਦੇਵੇਗਾ, ਉਸ 'ਤੇ ਕਲਿੱਕ ਕਰਨ 'ਤੇ 'ਪਰਿਵਾਹਨ ਡਾਟ ਕੌਮ ਡਾਟ ਇਨ' ਵੈੱਬਸਾਈਟ ਖੁੱਲ੍ਹੇਗੀ। ਇਸ ਵੈੱਬਸਾਈਟ 'ਤੇ 'ਸਾਰਥੀ' ਬਦਲ 'ਤੇ ਕਲਿੱਕ ਕਰਕੇ ਆਪਣੀ ਸਾਰੀ ਜਾਣਕਾਰੀ ਭਰਨੀ ਹੋਵੇਗੀ। ਇੱਥੇ ਤੁਹਾਨੂੰ ਪਛਾਣ ਪੱਤਰ, ਰਿਹਾਇਸ਼ੀ ਪਤੇ ਦਾ ਸਬੂਤ ਅਤੇ ਉਮਰ ਦਾ ਸਬੂਤ ਦਸਤਾਵੇਜ਼ ਅਪਲੋਡ ਕਰਨੇ ਹੋਣਗੇ। ਆਨਲਾਈਨ ਅਰਜ਼ੀ ਦੀ ਰਸੀਦ ਲੈ ਕੇ ਵਿਭਾਗ ਵੱਲੋਂ ਦੱਸੇ ਗਏ ਸਮੇਂ 'ਤੇ ਤੁਹਾਨੂੰ ਆਰ. ਟੀ. ਏ. ਦਫਤਰ ਜਾ ਕੇ ਡਰਾਈਵਿੰਗ ਟੈਸਟ ਦੇਣਾ ਹੋਵੇਗਾ।
ਮੋਟਰਸਾਈਕਲ ਲਈ 350 ਰੁਪਏ ਅਤੇ ਮੋਟਰਸਾਈਕਲ ਤੇ ਕਾਰ ਲਈ 500 ਰੁਪਏ ਫੀਸ ਕਾਊਂਟਰ 'ਤੇ ਜਮ੍ਹਾ ਕਰਾਉਣੀ ਹੋਵੇਗੀ। ਇਸ ਤੋਂ ਬਾਅਦ ਮੈਡੀਕਲ ਹੋਵੇਗਾ। ਟੈਬ ਟੈਸਟ ਦੇਣਾ ਹੋਵੇਗਾ, ਜਿਸ 'ਚ ਟ੍ਰੈਫਿਕ ਨਿਯਮਾਂ ਸੰਬੰਧੀ 10 ਸਵਾਲ ਪੁੱਛੇ ਜਾਣਗੇ। ਇਨ੍ਹਾਂ 'ਚੋਂ 6 ਦਾ ਸਹੀ ਜਵਾਬ ਦੇਣਾ ਹੋਵੇਗਾ। ਅਖੀਰ 'ਚ ਲਰਨਿੰਗ ਲਾਈਸੈਂਸ ਲਈ ਫੋਟੋ ਹੋਵੇਗੀ ਅਤੇ ਟੈਕਸ ਪਾਸ ਹੋਣ 'ਤੇ ਜੋ ਲੋਕ ਫੋਟੋ ਕਰਾਉਣਗੇ ਉਨ੍ਹਾਂ ਨੂੰ ਮੌਕੇ 'ਤੇ ਲਰਨਿੰਗ ਲਾਈਸੈਂਸ ਮਿਲ ਜਾਵੇਗਾ।