ਚੰਡੀਗੜ੍ਹ : ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਕਿਲ੍ਹੇ ਅਤੇ ਨਗਰ ਬਾਰੇ ਕਿਲਾ "ਲੋਹਗੜ੍ਹ" ਨੂੰ ਬੀਤੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਲੋਕ ਅਰਪਣ ਕੀਤਾ ਹੈ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਸ਼ਾਹਬਾਦ ਮਾਰਕੰਡਾ ਦੇ ਨੇੜੇ ਜੀ.ਟੀ. ਰੋਡ 'ਤੇ ਲੋਹਗੜ੍ਹ ਅਤੇ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਦਰਸਾਉਂਦਾ ਕੌਮਾਂਤਰੀ ਪੱਧਰ ਦਾ ਆਲੀਸ਼ਾਨ ਗੇਟ ਵੀ ਬਣਾਇਆ ਜਾਏਗਾ। ਉਨ੍ਹਾਂ ਦੀ ਇੱਛਾ ਹੈ ਕਿ ਇਸ ਥਾਂ ਨੂੰ ਇਕ ਆਲਾ ਦਰਜੇ ਦੇ ਇਤਿਹਾਸਕ ਟੂਰਿਸਟ ਸੈਂਟਰ ਵਜੋਂ ਵਿਕਸਤ ਕੀਤਾ ਜਾਵੇ। ਇਹ ਖ਼ੁਸ਼ੀ ਦੀ ਗੱਲ ਹੈ ਕਿ ਮੁੱਖ ਮੰਤਰੀ ਇਸ ਮਕਸਦ ਵਾਸਤੇ ਜ਼ਾਤੀ ਤੌਰ 'ਤੇ ਦਿਲਚਸਪੀ ਲੈ ਰਹੇ ਹਨ।
ਲੋਹਗੜ੍ਹ ਕਿਤਾਬ ਹਰਿਆਣਾ ਅਕੈਡਮੀ ਆਫ਼ ਹਿਸਟਰੀ ਐਂਡ ਕਲਚਰ ਕੁਰੂਕਸ਼ੇਤਰ ਵੱਲੋਂ ਛਾਪੀ ਗਈ ਹੈ। ਇਸ ਦੇ ਮੁੱਖ ਲੇਖਕ 60 ਤੋਂ ਵੱਧ ਪੁਸਤਕਾਂ ਦੇ ਨਾਮਵਰ ਇਤਿਹਾਸਕਾਰ ਡਾ ਹਰਜਿੰਦਰ ਸਿੰਘ ਦਿਲਗੀਰ ਹਨ ਤੇ ਉਨ੍ਹਾਂ ਤੋਂ ਇਲਾਵਾ ਸ. ਗਗਨਦੀਪ ਸਿੰਘ (ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ) ਅਤੇ ਸ ਗੁਰਵਿੰਦਰ ਸਿੰਘ (ਚੇਅਰਮੈਨ ਲੋਹਗੜ੍ਹ ਟਰਸਟ) ਦਾ ਵੀ ਇਸ ਵਿਚ ਸਹਿਯੋਗ ਹੈ। ਇਸ ਵਿਚ 17 ਚੈਪਟਰ ਹਨ ਅਤੇ ਇਸ ਵਿਚ ਰਬਿੰਦਰ ਨਾਥ ਟੈਗੋਰ ਦੀ ਬੰਦਾ ਸਿੰਘ ਬਹਾਦਰ 'ਤੇ ਲਿਖੀ ਕਵਿਤਾ ਤੋਂ ਇਲਾਵਾ ਉਚ ਦਰਜੇ ਦੇ ਨਕਸ਼ੇ, ਕਿਲ੍ਹੇ ਦੇ ਕਈ ਮੋਰਚਿਆਂ ਦੀਆਂ ਤਸਵੀਰਾਂ ਅਤੇ ਕਿਲ੍ਹੇ ਵਿਚੋਂ ਲੱਭੀਆਂ ਕੀਮਤੀ ਨਿਸ਼ਾਨੀਆਂ ਦੀਆਂ ਰੰਗਦਾਰ ਤਸਵੀਰਾਂ ਵੀ ਹਨ, ਜੋ ਵਧੀਆ ਆਰਟ ਪੇਪਰ 'ਤੇ ਛਾਪੀਆਂ ਗਈਆਂ ਹਨ। ਇਹ ਕਿਤਾਬ ਇਤਿਹਾਸ ਦੇ ਖੋਜੀਆਂ, ਵਿਦਿਆਰਥੀਆਂ ਅਤੇ ਆਮ ਪਾਠਕਾਂ ਵਾਸਤੇ ਗਿਆਨ ਦਾ ਭਰਪੂਰ ਖ਼ਜ਼ਾਨਾ ਤੇ ਨਵੀਂ ਰੌਸ਼ਨੀ ਨਾਲ ਭਰਪੂਰ ਹੈ।
ਕਿਤਾਬ ਰਲੀਜ਼ ਕਰਨ ਦਾ ਸਮਾਗਮ ਹਰਿਆਣਾ ਭਵਨ ਵਿਚ ਹੋਇਆ। ਇਸ ਮੌਕੇ ਤੇ ਮੁੱਖ ਮੰਤਰੀ ਤੋਂ ਇਲਾਵਾ ਹਰਿਆਣਾ ਦੇ ਅੱਧੀ ਦਰਜਨ ਦੇ ਕਰੀਬ ਵਜ਼ੀਰ, ਵਿਧਾਨ ਸਭਾ ਦੇ ਸਪੀਕਰ, ਬੰਦਈ ਸੰਪਰਦਾ ਦੇ ਮੁਖੀ ਬਾਬਾ ਜਤਿੰਦਰ ਸਿੰਘ, ਮਹੰਤ ਕਰਮਜੀਤ ਸਿੰਘ, ਤਰਸੇਮ ਸਿੰਘ ਚੇਅਰਮੈਨ ਦਿੱਲੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਜਗਦੀਸ਼ ਸਿੰਘ ਝੀਂਡਾ ਤੇ ਜਨਰਲ ਸਕਤਰ ਦੀਦਾਰ ਸਿੰਘ ਨਲਵੀ ਵੀ ਹਾਜ਼ਰ ਸਨ। ਰਲੀਜ਼ ਸਮਾਗਮ ਵਿਚ ਮੁੱਖ ਮੰਤਰੀ, ਡਾ ਹਰਜਿੰਦਰ ਸਿੰਘ ਦਿਲਗੀਰ ਅਤੇ ਲੋਹਗੜ੍ਹ ਫ਼ਾਊਂਡੇਸ਼ਨ ਦੇ ਚੇਅਰਮੈਨ ਸ ਗੁਰਵਿੰਦਰ ਸਿੰਘ ਅਤੇ ਡੀਡੀਪੀਓ ਗਗਨਦੀਪ ਸਿੰਘ ਨੇ ਲੋਕਾਂ ਨੂੰ ਸੰਬੋਧਨ ਕੀਤਾ।
ਖਾਲਸਾ ਰਾਜਧਾਨੀ ਦਾ ਪ੍ਰਾਜੈਕਟ 2016 ਵਿਚ ਉਦੋਂ ਚਰਚਾ ਵਿਚ ਆਇਆ ਜਦ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਾ 300 ਸਾਲਾ ਦਿਨ ਸਰਕਾਰੀ ਪੱਧਰ 'ਤੇ ਮਨਾਉਣ ਦਾ ਐਲਾਨ ਕੀਤਾ ਸੀ ਅਤੇ ਇਸ ਸਬੰਧੀ ਇਕ ਸ਼ਾਨਦਾਰ ਸਮਾਗਮ ਲੋਹਗੜ੍ਹ-ਖਾਲਸਾ ਰਾਜਧਾਨੀ ਵਾਲੀ ਜਗ੍ਹਾ 'ਤੇ ਕਰਵਾਇਆ ਸੀ। ਮੁੱਖ ਮੰਤਰੀ ਜੀ ਨੇ ਲੋਹਗੜ੍ਹ ਦੇ ਵਿਕਾਸ ਵਾਸਤੇ ਕਈ ਐਲਾਨ ਕੀਤੇ ਸਨ ਜਿਨ੍ਹਾਂ ਵਿਚ ਲੋਹਗੜ੍ਹ ਤਕ ਇਕ ਵਧੀਆ ਪੱਕੀ ਅਤੇ ਚੌੜੀ ਸੜਕ ਬਣਾਉਣਾ, ਕਮਿਊਨਿਟੀ ਸੈਂਟਰ ਬਣਾਉਣਾ, ਮਾਰਸ਼ਲ ਆਰਟ ਸਕੂਲ ਬਣਾਉਣਾ, ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਬਣਾਉਣਾ ਅਤੇ 'ਲੋਹਗੜ੍ਹ ਫ਼ਾਊਂਡੇਸ਼ਨ' ਕਾਇਮ ਕਰਨਾ ਸ਼ਾਮਿਲ ਸਨ।
ਇਸ ਮਗਰੋਂ ਸਿੱਖ ਸੰਗਤ ਨੇ ਸਰਕਾਰ ਦੇ ਨਾਲ ਮਿਲ ਕੇ ਲੋਹਗੜ੍ਹ ਦੇ ਇਤਿਹਾਸ ਵਾਸਤੇ ਖੋਜ ਦਾ ਕਾਰਜ ਸ਼ੁਰੂ ਕੀਤਾ ਸੀ। ਖੋਜ ਦੇ ਕਾਰਜ ਨੂੰ ਸਹੀ ਤਰੀਕੇ ਨਾਲ ਕਰਨ ਵਾਸਤੇ "ਲੋਹਗੜ੍ਹ ਟਰਸਟ" ਨੂੰ ਕਾਇਮ ਕੀਤਾ ਗਿਆ ਸੀ ਅਤੇ "ਇੰਡੀਅਨ ਟਰਸਟ ਫ਼ਾਰ ਰੂਰਲ ਫ਼ੋਰੈਸਟ ਹੈਰੀਟੇਜ ਐਂਡ ਡਿਵੈਲਪਮੈਂਟ" ਨਵੀਂ ਦਿੱਲੀ ਦੇ ਨਾਲ ਐਮ.ਓ.ਯੂ. 'ਤੇ ਦਸਤਖ਼ਤ ਕੀਤੇ ਗਏ। ਇਸ ਖੋਜ ਵਿਚ ਬਹੁਤ ਹੀ ਕਮਾਲ ਦੇ ਅਤੇ ਹੈਰਤ-ਅੰਗੇਜ਼ ਤੱਥ ਸਾਹਮਣੇ ਆਏ।
ਲੋਹਗੜ੍ਹ ਕਿਲ੍ਹੇ ਨੂੰ ਬਹੁਤ ਸਾਰੇ ਇਤਿਹਾਸਕਾਰਾਂ ਨੇ ਮੁਖ਼ਲਿਸਗੜ੍ਹ ਕਿਲ੍ਹਾ ਦੱਸਿਆ ਹੋਇਆ ਸੀ; ਅਤੇ, ਇਤਿਹਾਸ ਦੀਆਂ ਤਕਰੀਬਨ ਸਾਰੀਆਂ ਕਤਾਬਾਂ ਵਿਚ ਲਿਖਿਆ ਹੋਇਆ ਸੀ ਕਿ ਬੰਦਾ ਸਿੰਘ ਬਹਾਦਰ ਨੇ 1710 ਵਿਚ ਮੁਖ਼ਲਿਸਗੜ੍ਹ 'ਤੇ ਕਬਜ਼ਾ ਕਰ ਕੇ ਇਸ ਨੂੰ ਲੋਹਗੜ੍ਹ ਦਾ ਨਾਂ ਦੇ ਕੇ ਇਸ ਨੂੰ ਖਾਲਸਾ ਤਖ਼ਤ ਦੀ ਰਾਜਧਾਨੀ ਬਣਾ ਲਿਆ ਸੀ ਤੇ ਇਸ ਤਖ਼ਤ ਤੋਂ ਸਿੱਕੇ ਜਾਰੀ ਕੀਤੇ ਸਨ। ਨਵੀਂ ਖੋਜ ਤੋਂ ਪਤਾ ਲੱਗਾ ਕਿ ਮੁਖ਼ਲਿਸਗੜ੍ਹ ਨਾਂ ਦੀ ਥਾਂ ਤਾਂ ਪਾਊਂਟਾ ਸਾਹਿਬ ਵਾਲੇ ਪਾਸੇ, ਹਥਨੀਕੁੰਡ ਬੈਰਜ ਦੇ ਨਜ਼ਦੀਕ, ਯਮਨਾ ਨਦੀ ਦੇ ਦੂਜੇ ਪਾਸੇ, ਉਤਰ ਪ੍ਰਦੇਸ਼ ਦੇ ਜ਼ਿਲ੍ਹੇ ਫ਼ੈਜ਼ਾਬਾਦ ਵਿਚ ਬਣਿਆ ਹਇਆ 'ਰੰਗ ਮਹਿਲ' ਹੈ ਜਿਸ ਨੂੰ ਮੁਗ਼ਲ ਬਾਦਸ਼ਾਹ ਛੁੱਟੀਆਂ ਮਨਾਉਣ ਵਾਸਤੇ ਵਰਤਦੇ ਹੁੰਦੇ ਸਨ ਅਤੇ ਇਸ ਇਲਾਕੇ ਵਿਚ ਸ਼ਿਕਾਰ ਕਰਨ ਵਾਸਤੇ ਜਾਂਦੇ ਹੁੰਦੇ ਸਨ। ਭਾਵੇਂ ਇਸ ਦਾ ਨਾਂ ਮੁਖ਼ਲਿਸਗੜ੍ਹ ਸੀ ਪਰ ਇਹ ਇਕ 'ਰੰਗ ਮਹਿਲ' ਸੀ।
ਭਾਰਤ ਸਰਕਾਰ ਦੇ ਪੁਰਾਰਤਤਵ ਵਿਭਾਗ ਨੇ ਇਸ ਨੂੰ ਸੁਰੱਖਿਆ ਇਮਾਰਤ ਐਲਾਨ ਕੇ ਇਸ ਦੀ ਸੇਵਾ ਸੰਭਾਲ ਵਾਸਤੇ ਪ੍ਰਾਜੈਕਟ ਸ਼ੁਰੂ ਕੀਤਾ ਹੋਇਆ ਹੈ। ਲੋਹਗੜ੍ਹ ਕਿਲ੍ਹਾ ਇਸ ਮੁਖ਼ਲਿਸਗੜ੍ਹ ਤੋਂ 30 ਕਿਲੋਮੀਟਰ ਦੂਰ ਹੈ ਅਤੇ ਇਨ੍ਹਾਂ ਦੋਹਾਂ ਦਾ ਆਪਸ ਵਿਚ ਕੋਈ ਸਬੰਧ ਨਹੀਂ ਹੈ। ਬੰਦਾ ਸਿੰਘ ਬਹਾਦਰ ਵਾਲੇ ਲੋਹਗੜ੍ਹ ਕਿਲ੍ਹਾ (ਖਾਲਸਾ ਰਾਜਧਾਨੀ) ਦਾ ਖੇਤਰ 7000 ਏਕੜ ਦੇ ਰਕਬੇ ਵਿਚ ਫੈਲਿਆ ਹੋਇਆ ਹੈ। ਇਸ ਰਾਜਧਾਨੀ ਦੇ ਮੋਰਚੇ ਯਮੁਨਾ ਦਰਿਆ ਤੋਂ ਘੱਗਰ ਦਰਿਆ ਤਕ ਫੈਲੇ ਹੋਏ ਸਨ। ਇਤਿਹਾਸਕਾਰ ਖ਼ਾਫ਼ੀ ਖ਼ਾਨ ਅਤੇ ਇਰਵਿਨ ਇਸ ਦੇ 52 ਮੋਰਚਿਆਂ ਦਾ ਜ਼ਿਕਰ ਕਰਦੇ ਹਨ; ਇਨ੍ਹਾਂ ਵਿਚੋਂ 22 ਮੋਰਚੇ ਅੱਜ ਵੀ ਕਾਇਮ ਹਨ।
ਖੋਜ ਤੋਂ ਇਹ ਸਾਹਮਣੇ ਆਇਆ ਹੈ ਕਿ ਇਸ ਕਿਲ੍ਹੇ ਨੂੰ ਬਣਾਉਣ ਵਿਚ 70 ਤੋਂ 80 ਸਾਲ ਤੱਕ ਲੱਗੇ ਹੋ ਸਕਦੇ ਹਨ। ਜਾਪਦਾ ਹੈ ਕਿ ਉਸ ਜ਼ਮਾਨੇ ਦੇ ਸਭ ਤੋਂ ਅਮੀਰ ਵਪਾਰੀ ਭਾਈ ਲੱਖੀ ਰਾਏ ਵਣਜਾਰਾ ਅਤੇ ਉਸ ਦੇ ਟਾਂਡਿਆਂ ਵਿਚ ਕੰਮ ਕਰਦੇ ਹਜ਼ਾਰਾਂ ਵਣਜਾਰਿਆਂ ਅਤੇ ਸਿਕਲੀਗਰਾਂ ਨੇ ਇਸ ਨੂੰ ਬਣਾਉਣ ਵਿਚ ਰੋਲ ਅਦਾ ਕੀਤਾ ਹੋਵੇਗਾ। ਇਸ ਖੇਤਰ ਦੇ ਬਹੁਤੇ ਪਿੰਡਾਂ ਦਾ ਮਾਲਕ ਲੱੱਖੀ ਰਾਏ ਸੀ ਅਤੇ ਉਸ ਦੇ ਟਾਂਡੇ ਦੇ ਵਣਜਾਰੇ ਦੇ ਵਣਜਾਰੇ ਇਸ ਇਲਾਕੇ ਵਿਚ ਰਹਿੰਦੇ ਸਨ। ਉਸ ਨੇ ਇਨ੍ਹਾਂ ਵਾਸਤੇ ਵੱਡੇ-ਵੱਡੇ ਪੱਕੇ ਖੂਹ ਵੀ ਲੁਆਏ ਹੋਏ ਸਨ, ਜਿਨ੍ਹਾਂ ਵਿਚ ਦਰਜਨਾਂ ਖੂਹ ਅੱਜ ਵੀ ਮੌਜੂਦ ਹਨ। ਕਿਉਂ ਕਿ ਇਹ ਸਾਰਾ ਇਲਾਕਾ ਉਨ੍ਹਾਂ ਦੀ ਮਲਕੀਅਤ ਸੀ ਇਸ ਕਰ ਕੇ ਇਸ ਕਿਲ੍ਹੇ ਦਾ ਕੰਮ ਗੁਪਤ ਰੂਪ ਵਿਚ ਚਲਦਾ ਰਿਹਾ ਸੀ ਤੇ ਮੁਗ਼ਲਾਂ ਨੂੰ ਇਸ ਦਾ ਪਤਾ ਤਕ ਨਹੀਂ ਸੀ। ਇਨ੍ਹਾਂ ਵਣਜਾਰਿਆਂ ਦੇ ਟਾਂਡੇ ਹੀ ਕਿਲ੍ਹਾ ਬਣਾਉਣ ਵਾਸਤੇ ਪੱਥਰ, ਚੂਨਾ, ਲੱਕੜ ਅਤੇ ਹੋਰ ਸਾਮਾਨ ਲਿਆਉਂਦੇ ਰਹੇ ਹੋਣਗੇ ਤੇ ਇਸ ਦਾ ਖ਼ਰਚਾ ਵੀ ਵਣਜਾਰਾ ਪਰਵਾਰਾਂ ਹੀ ਨੇ ਕੀਤਾ ਹੋਵੇਗਾ।
ਅਜਿਹਾ ਜਾਪਦਾ ਹੈ ਕਿ ਇਸ ਕਿਲ੍ਹੇ ਦੀ ਨੀਂਹ ਦਾ ਪਿਛੋਕੜ ਗੁਰੂ ਹਰਗੋਬਿੰਦ ਸਾਹਿਬ ਦਾ ਗਵਾਲੀਅਰ ਦੇ ਕਿਲ੍ਹੇ ਵਿਚ 1613 ਤੋਂ 1619 ਤਕ ਰਹਿਣ ਸਮੇਂ, ਉੱਥੇ ਕੈਦ ਪਹਾੜੀ ਰਾਜਿਆਂ ਵੱਲੋਂ ਮੁਗ਼ਲ ਹਾਕਮਾਂ ਤੋਂ ਸੁਰੱਖਿਆ ਹਾਸਿਲ ਕਰਨ ਦੀ ਇੱਛਾ ਪਰਗਟ ਕਰਨ ਨਾਲ ਹੋਇਆ ਹੋਵੇਗਾ। ਉਦੋਂ ਨਾਹਨ ਦੇ ਰਾਜੇ ਅਤੇ ਲੱਖੀ ਰਾਏ ਵਣਜਾਰਾ ਦੇ ਮਿਲਵਰਤਣ ਨਾਲ ਇਹ ਕਿਲ੍ਹਾ ਸ਼ੁਰੂ ਹੋਇਆ ਹੋਵੇਗਾ। ਫਿਰ, 'ਦਬਿਸਤਾਨੇ ਮਜ਼ਾਹਿਬ' ਦੇ ਲੇਖਕ ਮਉਬਾਦ ਜ਼ੁਲਫ਼ਿਕਾਰ ਅਰਦਸਤਾਨੀ ਮੁਤਾਬਿਕ ਗੁਰੂ ਹਰ ਰਾਇ 1645 ਤੋਂ 1657 ਤਕ (12-13 ਸਾਲ) ਦਾ ਸਮਾਂ ਨਾਹਨ ਰਿਆਸਤ ਦੇ ਪਿੰਡ 'ਥਾਪਲ' ਵਿਚ ਰਹੇ ਸਨ; ਜੋ ਇਸ ਲੋਹਗੜ੍ਹ ਜ਼ੋਨ ਵਿਚ ਹੀ ਪੈਂਦਾ ਹੈ। ਉਨ੍ਹਾਂ ਕੋਲ 220 ਘੋੜੇ ਸਨ ਤੇ ਉਨ੍ਹਾਂ ਦੇ ਚਾਰੇ ਵਾਸਤੇ ਇਹ ਜੰਗਲ ਬਹੁਤ ਸਹੀ ਜਗਹ ਸੀ। ਇਸ ਤੋਂ ਇਹ ਵੀ ਸਪਸ਼ਟ ਹੈ ਕਿ ਗੁਰੁ ਹਰਕਿਸ਼ਨ ਸਾਹਿਬ ਦਾ ਜਨਮ (1652 ਵਿਚ) ਇੱਥੇ ਹੀ ਹੋਇਆ ਹੋਵੇਗਾ। ਫਿਰ ਗੁਰੂ ਗੋਬਿੰਦ ਸਿੰਘ ਜੀ ਅਪ੍ਰੈਲ 1685 ਤੋਂ ਅਕਤੂਬਰ 1688 ਤਕ ਇਸ ਦੇ ਨੇੜੇ ਹੀ ਪਾਊਂਟਾ ਸਾਹਿਬ ਵਿਚ ਰਹੇ ਸਨ। ਇਸ ਦਾ ਅਰਥ ਇਹ ਵੀ ਲਿਆ ਜਾ ਸਕਦਾ ਹੈ ਕਿ ਤਿੰਨ ਗੁਰੂ ਸਾਹਿਬ ਇਸ ਕਿਲ੍ਹੇ ਦੀ ਨਿਗਰਾਨੀ ਕਰਦੇ ਰਹੇ ਹੋਣਗੇ।1710 ਵਿਚ ਬੰਦਾ ਸਿੰਘ ਨੇ ਇਸ ਨੂੰ ਰਾਜਧਾਨੀ ਐਲਾਨਿਆ ਸੀ ਅਤੇ ਇੱਥੋਂ ਹੀ ਸਿੱਕਾ ਜਾਰੀ ਕੀਤਾ ਸੀ, ਜਿਵੇਂ ਕਿ ਉਸ ਦੇ ਸਿੱਕਿਆਂ 'ਤੇ ਵੀ ਲਿਖਿਆ ਹੈ ਕਿ ਇਹ ਸਿੱਕਾ ਖਾਲਸਾ ਤਖ਼ਤ ਦੀ ਰਾਜਧਾਨੀ ਤੋਂ ਜਾਰੀ ਕੀਤਾ ਗਿਆ ਸੀ।
ਖੋਜ ਤੋਂ ਇਹ ਵੀ ਪਤਾ ਲੱਗਾ ਕਿ ਮੁਗ਼ਲ ਫ਼ੌਜਾਂ ਨੇ 1710 ਤੋਂ 1716 ਤਕ ਇਸ ਕਿਲ੍ਹੇ 'ਤੇ ਤਿੰਨ ਵੱਡੇ ਹਮਲੇ ਕੀਤੇ ਸਨ। ਪਹਿਲੇ ਹਮਲੇ ਵੇਲੇ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਲੱਖਾਂ ਫ਼ੌਜਾਂ ਨਾਲ ਇਸ ਕਿਲ੍ਹੇ 'ਤੇ ਹਮਲਾਵਰ ਹੋਇਆ ਸੀ, ਪਰ ਉਹ ਕਿਲ੍ਹਾ ਜਿੱਤ ਨਹੀਂ ਸੀ ਸਕਿਆ। ਬਹਾਦਰ ਸ਼ਾਹ ਬੰਦਾ ਸਿੰਘ ਬਹਾਦਰ ਤੋਂ ਏਨਾ ਦਹਿਲ ਹੋਇਆ ਸੀ ਕਿ ਇਸੇ ਡਰ ਵਿਚ ਉਹ ਪਾਗ਼ਲ ਹੋ ਗਿਆ ਤੇ ਸਵਾ ਸਾਲ ਵਿਚ ਹੀ ਉਸ ਦੀ ਮੌਤ ਹੋ ਗਈ। ਉਸ ਦੇ ਪੁੱਤਰ ਬਾਦਸ਼ਾਹ ਜਹਾਂਦਾਰ ਸ਼ਾਹ ਅਤੇ ਉਸ ਤੋਂ ਮਗਰੋਂ ਦੇ ਬਾਦਸ਼ਾਹ ਫ਼ਰੱਖਸੀਅਰ ਨੇ ਵੀ ਮੁਗ਼ਲ ਜਰਨੈਲਾਂ ਨੂੰ ਹਜ਼ਾਰਾਂ ਫ਼ੌਜਾਂ ਦੇ ਕੇ ਇਸ ਕਿਲ੍ਹੇ 'ਤੇ ਹਮਲਾ ਕਰਨ ਵਾਸਤੇ ਭੇਜਿਆ ਸੀ ਪਰ ਉਹ ਇਸ ਕਿਲ੍ਹੇ ਦੀ ਦਹਿਲੀਜ਼ ਵੀ ਨਾ ਟੱਪ ਸਕੇ ਸਨ।
ਖੋਜ ਤੋਂ ਪਤਾ ਲਗਦਾ ਹੈ ਕਿ ਇਹ ਲੋਹਗੜ੍ਹ ਕਿਲ੍ਹਾ ਮੁਗ਼ਲ ਹਕੂਮਤ ਦੇ ਪਤਨ ਦੀ ਸ਼ੁਰੂਆਤ ਬਣਿਆ ਜਿਸ ਨੇ ਮੁਗ਼ਲਾਂ ਦੀ ਆਰਥਕਤਾ ਤਬਾਹ ਕਰ ਦਿੱਤੀ; ਉਨ੍ਹਾ ਦੇ ਹਜ਼ਾਰਾਂ ਫ਼ੌਜੀਆਂ ਦੀ ਜਾਨ ਲੈ ਲਈ ਅਤੇ ਉਨ੍ਹਾਂ ਦਾ ਬਹੁਤ ਸਾਰਾ ਅਸਲਾ ਨਸ਼ਟ ਹੋਇਆ। ਇੰਜ ਲੋਹਗੜ੍ਹ ਕਿਲ੍ਹਾ ਭਾਰਤ ਦੀ ਚੰਗੇਜ਼ੀਆਂ, ਪਠਾਣਾਂ, ਮੁਗ਼ਲਾਂ ਦੀ 1000 ਸਾਲ ਦੀ ਗ਼ੁਲਾਮੀ ਤੋਂ ਆਜ਼ਾਦੀ ਦਾ ਮੋਢੀ ਬਣਿਆ। ਇਹ ਰਾਜਧਾਨੀ ਤੋਂ ਹੀ ਬੰਦਾ ਸਿੰਘ ਬਹਾਦਰ ਨੇ ਵਾਹੀਕਾਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਦਲਿਤ ਕਿਸਾਨਾਂ ਤੋਂ ਜ਼ਮੀਨਾਂ ਦੇ ਮਾਲਿਕ ਬਣਾ ਦਿੱਤਾ। ਇਹ ਗੱਲ ਕਾਬਲੇ-ਗ਼ੌਰ ਹੈ ਕਿ ਬੰਦਾ ਸਿੰਘ ਨੇ ਇਹ ਮਹਾਨ ਕਾਰਨਾਮਾ ਫ਼ਰਾਂਸੀਸੀ ਇਨਕਲਾਬ (ਫ਼ਰੈਂਚ ਰੈਵਲੂਸ਼ਨ) ਤੋਂ 80 ਸਾਲ ਪਹਿਲਾਂ ਕੀਤਾ ਸੀ।
ਲੋਹਗੜ੍ਹ ਟਰਸਟ ਦੇ ਚੇਅਰਮੈਨ ਸ. ਗੁਰਵਿੰਦਰ ਸਿੰਘ ਧਮੀਜਾ ਨੇ ਇਹ ਵੀ ਦੱਸਿਆ ਹੈ ਕਿ ਕਿਲ੍ਹੇ ਦੇ ਨੇੜੇ ਤਕ ਪੱਕੀ ਸੜਕ ਬਣਨ ਦੇ ਨੇੜੇ ਪੁੱਜ ਚੁਕੀ ਹੈ; ਗੁਰਦੁਆਰਾ, ਨੁਮਾਇਸ਼ ਹਾਲ, ਲਿਵਿੰਗ ਰੂਮ ਆਦਿ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚਲ ਰਿਹਾ ਹੈ, ਜੋ ਬਹੁਤ ਛੇਤੀ ਹੀ ਮੁਕੰਮਲ ਹੋ ਜਾਵੇਗਾ ਅਤੇ ਇਸ ਨੂੰ ਜਨਤਾ ਵਾਸਤੇ ਖੋਲ੍ਹ ਦਿੱਤਾ ਜਾਵੇਗਾ।