ਚੰਡੀਗੜ: ਪਟਿਆਲਾ, ਜਲੰਧਰ ਤੇ ਅੰਮ੍ਰਿਤਸਰ ਨਿਗਮ ਚੋਣਾਂ ਵਿੱਚ ਖਾਸ ਪ੍ਰਦਰਸ਼ਨ ਕਰ ਵਿੱਚ ਅਸਫਲ ਰਹੀ ਆਮ ਆਦਮੀ ਪਾਰਟੀ ਨੂੰ ਲੁਧਿਆਣਾ ਨਿਗਮ ਚੋਣ ਵਿੱਚ ਚੰਗੇ ਪ੍ਰਦਰਸ਼ਨ ਦੀ ਆਸ ਹੈ। ਇਸ ਦਾ ਕਾਰਨ ਹੈ ਕਿ ਆਪ ਦੀ ਸਿਆਸੀ ਭਾਈਵਾਲ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਦਾ ਚੰਗਾ ਪ੍ਰਭਾਵ ਹੈ। ਦੋਵੇਂ ਪਾਰਟੀਆਂ ਲੁਧਿਆਣਾ ਨਿਗਮ ਚੋਣਾਂ ਇਕੱਠਿਆਂ ਲੜ ਰਹੀਆਂ ਹਨ।
ਇਸ ਲਈ ਆਮ ਆਦਮੀ ਪਾਰਟੀ ਨੇ ਅੱਜ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਸੂਬਾ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਅੱਜ 31 ਉਮੀਦਵਾਰਾਂ ਦੀ ਸੂਚੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਲੁਧਿਆਣਾ ਨਗਰ ਨਿਗਮ ਦੇ 95 ਵਾਰਡਾਂ ਲਈ 24 ਫਰਵਰੀ ਨੂੰ ਚੋਣ ਹੋਣੀ ਹੈ। ਨਤੀਜਿਆਂ ਦਾ ਐਲਾਨ ਦੋ ਦਿਨ ਬਾਅਦ ਹੋਵੇਗਾ।
ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਵਾਰਡ ਨੰਬਰ 24 ਤੋਂ ਤੇਜਿੰਦਰ ਪਾਲ ਸਿੰਘ ਅਤੇ ਵਾਰਡ ਨੰਬਰ 25 ਤੋਂ ਪਰਮਜੀਤ ਕੌਰ, ਵਿਧਾਨ ਸਭਾ ਹਲਕਾ ਲੁਧਿਆਣਾ (ਨੌਰਥ) ਦੇ ਵਾਰਡ ਨੰਬਰ 85 ਤੋਂ ਅਨੁਰਾਧਾ ਧਵਨ ਅਤੇ ਵਾਰਡ ਨੰਬਰ 91 ਤੋਂ ਸ੍ਰੀਮਤੀ ਨਵਨੀਤ ਅਤੇ ਵਿਧਾਨ ਸਭਾ ਹਲਕਾ ਲੁਧਿਆਣਾ (ਸੈਂਟਰਲ) ਦੇ ਵਾਰਡ ਨੰਬਰ 54 ਤੋਂ ਸ਼ੁਸ਼ੀਲ ਕੁਮਾਰ ਅਤੇ ਵਾਰਡ ਨੰਬਰ 60 ਤੋਂ ਮਨੋਜ ਭਾਟੀਆ ਨੂੰ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦਾ ਸਾਂਝਾ ਉਮੀਦਵਾਰ ਐਲਾਨਿਆਂ ਗਿਆ ਹੈ।
ਕਮੇਟੀ ਨੇ ਸਥਾਨਕ ਆਗੂਆਂ ਅਤੇ ਵਰਕਰਾਂ ਵਲੰਟੀਅਰਾਂ ਦੇ ਸਲਾਹ ਮਸ਼ਵਰੇ ਨਾਲ ਉਮੀਦਵਾਰਾਂ ਦੀ ਪਹਿਲੀ ਸੂਚੀ ਤਿਆਰ ਕੀਤੀ ਹੈ। ਉਨਾਂ ਦੱਸਿਆ ਕਿ ਛੇਤੀ ਹੀ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦਾ ਗਠਜੋੜ ਹੂੰਝਾ ਫੇਰ ਜਿੱਤ ਹਾਸਿਲ ਕਰੇਗਾ।