ਮਹਿਲਾ ਹਾਕੀ : ਭਾਰਤੀ ਖਿਡਾਰਨਾਂ ਨੇ ਚਿੱਤ ਕੀਤੀਆਂ ਕੋਰੀਆ ਦੀਆਂ ਮੁਟਿਆਰਾਂ

ਖਾਸ ਖ਼ਬਰਾਂ

ਸਿਓਲ : ਭਾਰਤ ਮਹਿਲਾ ਟੀਮ ਅਤੇ ਦੱਖਣੀ ਕੋਰੀਆ ਮਹਿਲਾ ਟੀਮ ਵਿਚਾਲੇ ਹਾਕੀ ਦੇ 5 ਮੈਚਾਂ ਦੀ ਲੜੀ ਦੱਖਣੀ ਕੋਰੀਆ ਵਿੱਚ ਚੱਲ ਰਹੀ ਹੈ, ਜਿਸ ਦੇ ਹੁਣ ਤੱਕ ਦੋ ਮੈਚ ਹੋ ਚੁੱਕੇ ਹਨ। ਇਨ੍ਹਾਂ ਮੈਚਾਂ ਦੌਰਾਨ ਭਾਰਤੀ ਖਿਡਾਰਨਾਂ ਨੇ ਕੋਰੀਆ ਦੀ ਖਿਡਾਰਨਾਂ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ ਹੈ। ਪਹਿਲੇ ਮੈਚ ਵਿਚ ਭਾਰਤੀ ਮੁਟਿਆਰਾਂ ਨੇ ਕੋਰੀਆ ਦੀ ਖਿਡਾਰਨਾਂ ਨੂੰ 1-0 ਨਾਲ ਕਰਾਰੀ ਮਾਤ ਦਿੱਤੀ। 



ਭਾਵੇਂ ਕਿ ਇਸ ਮੈਚ ਦੌਰਾਨ ਮੇਜ਼ਬਾਨ ਦੱਖਣੀ ਕੋਰੀਆ ਮਹਿਲਾ ਹਾਕੀ ਟੀਮ ਨੇ ਵੀ ਆਪਣੀ ਪੂਰੀ ਵਾਹ ਲਗਾਈ ਪਰ ਭਾਰਤੀ ਖਿਡਾਰਨਾਂ ਨੇ ਉਨ੍ਹਾਂ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੱਤਾ। ਪਹਿਲੇ ਮੈਚ ਵਿਚ ਭਾਰਤ ਦੀ ਮਿਫੀਲਡਰ ਲਾਲਰੇਮਸਿਆਮੀ ਵੱਲੋਂ ਪੰਜਵੇਂ ਮਿੰਟ ਵਿੱਚ ਕੀਤੇ ਗਏ ਇੱਕੋ-ਇੱਕ ਗੋਲ ਦੀ ਮਦਦ ਨਾਲ ਪੰਜ ਮੈਚਾਂ ਦੀ ਮਹਿਲਾ ਹਾਕੀ ਲੜੀ ਦੇ ਆਪਣੇ ਪਹਿਲੇ ਮੈਚ ਵਿੱਚ ਮੇਜ਼ਬਾਨ ਦੱਖਣੀ ਕੋਰੀਆ ਨੂੰ 1-0 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦਾ ਜਿੱਤ ਨਾਲ ਆਗਾਜ਼ ਕੀਤਾ।


ਦੱਖਣੀ ਕੋਰੀਆ ਦੇ ਜਿੰਗਸ਼ੁਨ ਨੈਸ਼ਨਲ ਅਥਲੈਟਿਕਸ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਭਾਰਤ ਨੇ ਲਾਲਰੇਸਿਆਮੀ ਦੇ ਪੰਜਵੇਂ ਮਿੰਟ ਵਿੱਚ ਕੀਤੇ ਗੋਲ ਦੀ ਮਦਦ ਨਾਲ ਭਾਰਤ ਨੇ 1-0 ਦੀ ਲੀਡ ਬਣਾ ਲਈ, ਜਿਸ ਨੂੰ ਮਹਿਮਾਨ ਟੀਮ ਨੇ ਅਖ਼ੀਰ ਤਕ ਕਾਇਮ ਰੱਖਿਆ। ਭਾਰਤ ਨੂੰ ਦੂਜੇ ਕੁਆਰਟਰ ਵਿੱਚ ਦੋ ਪੈਨਲਟੀ ਕਾਰਨਰ ਮਿਲੇ ਜਿਸ ਦਾ ਟੀਮ ਫਾਇਦਾ ਨਹੀਂ ਲੈ ਸਕੀ। ਹਾਲਾਂਕਿ ਦੱਖਣੀ ਕੋਰੀਆ ਨੂੰ 23ਵੇਂ ਮਿੰਟ ਵਿੱਚ ਮਿਲਿਆ ਪੈਨਲਟੀ ਕਾਰਨਰ ਵੀ ਬੇਕਾਰ ਗਿਆ।


ਮੇਜ਼ਬਾਨ ਟੀਮ ਨੇ ਇਸ ਤੋਂ ਬਾਅਦ ਵਾਪਸੀ ਕਰਨ ਦੇ ਕਈ ਯਤਨ ਕੀਤੇ, ਜਿਸ ਵਿਚ ਉਹ ਸਫ਼ਲ ਨਹੀਂ ਹੋ ਸਕੀ। ਭਾਰਤੀ ਗੋਲਕੀਪਰ ਸਵਾਤੀ ਦਾ ਵੀ ਇਸ ਜਿੱਤ ਵਿਚ ਮਹੱਤਵਪੂਰਨ ਯੋਗਦਾਨ ਰਿਹਾ, ਜਿਸ ਨੇ ਦੱਖਣੀ ਕੋਰੀਆ ਦੇ ਦੋ ਪੈਨਲਟੀ ਕਾਰਨਰ ਅਸਫ਼ਲ ਕਰ ਦਿੱਤੇ। ਭਾਰਤੀ ਹਾਕੀ ਟੀਮ ਨੇ ਮੇਜ਼ਬਾਨ ਹਾਕੀ ਟੀਮ ਖ਼ਿਲਾਫ਼ ਅੱਜ ਖੇਡੇ ਆਪਣੇ ਦੂਜੇ ਮੈਚ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਿਆ ਅਤੇ ਇਸ ਮੈਚ ‘ਚ ਵੀ ਭਾਰਤੀ ਟੀਮ ਨੇ ਦੱਖਣੀ ਕੋਰੀਆ ਨੂੰ 3-2 ਨਾਲ ਹਰਾ ਕੇ ਮੈਚ ਜਿੱਤ ਲਿਆ।



ਭਾਰਤ ਵਲੋਂ ਰਾਣੀ ਨੇ 2 ਗੋਲ ਕੀਤੇ ਜਦੋਂ ਕਿ ਇਕ ਗੋਲ ਗੁਰਜੀਤ ਕੌਰ ਨੇ ਕੀਤਾ। ਦੱਖਣੀ ਕੋਰੀਆ ਵਲੋਂ 2 ਗੋਲ ਦਾਗੇ ਗਏ। 1 ਗੋਲ ਯੂਰੀਮ ਲੀ ਅਤੇ 1 ਗੋਲ ਜੁੰਗੇਨ ਸੂ ਵੱਲੋਂ ਕੀਤਾ ਗਿਆ ਹੈ। 5 ਮੈਚਾਂ ਦੀ ਲੜੀ ‘ਚ ਭਾਰਤ 2 ਮੈਚਾਂ ਨਾਲ ਅੱਗੇ ਹੈ। ਭਾਰਤੀ ਕੁੜੀਆਂ ਦਾ ਇਹ ਦੱਖਣੀ ਕੋਰੀਆਈ ਦੌਰਾ 3 ਮਾਰਚ ਤੋਂ ਲੈ ਕੇ 13 ਮਾਰਚ ਤੱਕ ਚਲੇਗਾ।


ਹਾਕੀ ਇੰਡੀਆ ਨੇ ਭਾਰਤੀ ਮਹਿਲਾ ਟੀਮ ਦੀ ਕਪਤਾਨ ਰਾਣੀ ਰਾਮਪਾਲ ਅਤੇ ਮਿਡਫੀਲਡਰ ਮੋਨਿਕਾ ਨੂੰ ਕ੍ਰਮਵਾਰ 200 ਅਤੇ 100ਵਾਂ ਕੌਮਾਂਤਰੀ ਮੈਚ ਖੇਡਣ ’ਤੇ ਅੱਜ ਵਧਾਈ ਦਿੱਤੀ। ਰਾਣੀ ਅਤੇ ਮੋਨਿਕਾ ਨੇ ਇਹ ਉਪਲਬਧੀ ਇੱਥੇ ਦੱਖਣੀ ਕੋਰੀਆ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਕੀਤੀ। ਹਰਿਆਣਾ ਦੇ ਕੁਰੂਕਸ਼ੇਤਰ ਦੀ ਰਾਣੀ ਨੇ ਆਪਣਾ ਕੌਮਾਂਤਰੀ ਕਰੀਅਰ 2008 ਦੌਰਾਨ ਰੂਸ ਵਿੱਚ ਹੋਏ ਓਲੰਪਿਕ ਕੁਆਲੀਫਾਇਰ ਦੌਰਾਨ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 2010 ਦੀਆਂ ਰਾਸ਼ਟਰਮੰਡਲ ਖੇਡਾਂ ਅਤੇ ਉਸੇ ਸਾਲ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਅਗਵਾਈ ਕੀਤੀ।