ਮਜੀਠੀਆ-ਸੰਜੇ ਸਿੰਘ ਮਾਣਹਾਨੀ ਕੇਸ ਦੀ ਸੁਣਵਾਈ ਟਲੀ, ਅਗਲੀ ਸੁਣਵਾਈ 7 ਮਾਰਚ ਨੂੰ

ਖਾਸ ਖ਼ਬਰਾਂ

ਲੁਧਿਆਣਾ : ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਐੱਮ. ਪੀ. ਸੰਜੇ ਸਿੰਘ ਖਿਲਾਫ ਦਾਇਰ ਮਾਣਹਾਨੀ ਕੇਸ ਵਿਚ ਅੱਜ ਬਿਕਰਮ ਸਿੰਘ ਮਜੀਠੀਆ ਅਦਾਲਤ ਵਿਚ ਨਹੀਂ ਪੁੱਜੇ ਪਰ ਸੰਜੇ ਸਿੰਘ ਨੇ ਅਦਾਲਤ ਵਿਚ ਪੇਸ਼ ਹੋ ਕੇ ਆਪਣੀ ਹਾਜ਼ਰੀ ਲਗਵਾਈ। 

ਸੰਜੇ ਸਿੰਘ ਦੇ ਵਕੀਲ ਨੇ ਅੱਜ ਮਜੀਠੀਆ ਵੱਲੋਂ ਪਹਿਲੀ ਪੇਸ਼ੀ 'ਤੇ ਅਦਾਲਤ ਵਿਚ ਦਾਇਰ ਕੀਤੀ ਗਈ ਸੀ. ਆਰ. ਪੀ. ਸੀ. ਦੀ ਧਾਰਾ 311 ਤਹਿਤ ਅਰਜ਼ੀ 'ਤੇ ਕੋਈ ਜਵਾਬ ਦਾਖਲ ਨਹੀਂ ਕੀਤਾ ਅਤੇ ਜਵਾਬ ਲਈ ਅਗਲੀ ਤਰੀਕ ਦੀ ਮੰਗ ਕੀਤੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰਦੇ ਹੋਏ ਕੇਸ ਦੀ ਅਗਲੀ ਸੁਣਵਾਈ 7 ਮਾਰਚ ਤੈਅ ਕਰਦੇ ਹੋਏ ਮਜੀਠੀਆ ਦੀ ਅਰਜ਼ੀ 'ਤੇ ਆਪਣਾ ਜਵਾਬ ਦਾਖਲ ਕਰਨ ਨੂੰ ਕਿਹਾ। 

ਮਜੀਠੀਆ ਨੇ ਆਪਣੀ ਅਰਜ਼ੀ ਵਿਚ ਕਿਹਾ ਹੈ ਕਿ ਉਹ ਇਸ ਕੇਸ ਵਿਚ ਵਾਧੂ ਗਵਾਹੀ ਦੇਣਾ ਚਾਹੁੰਦੇ ਹਨ, ਜਿਸ 'ਤੇ ਅਦਾਲਤ ਨੇ ਕੇਸ ਦੀ ਸੁਣਵਾਈ ਅੱਜ ਟਾਲਦੇ ਹੋਏ ਸੰਜੇ ਸਿੰਘ ਦੇ ਵਕੀਲ ਨੂੰ ਇਸ 'ਤੇ ਆਪਣਾ ਜਵਾਬ ਦਾਖਲ ਕਰਨ ਨੂੰ ਕਿਹਾ। ਨਾਲ ਹੀ ਅਦਾਲਤ ਵਿਚ ਅੱਜ ਮਜੀਠੀਆ ਦੇ ਵਕੀਲ ਨੇ ਹਾਜ਼ਰੀ ਮੁਆਫੀ ਦੀ ਅਰਜ਼ੀ ਦਾਖਲ ਕੀਤੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ। 

ਜ਼ਿਕਰਯੋਗ ਹੈ ਕਿ ਬੀਤੀ ਪੇਸ਼ੀ 'ਤੇ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਗਵਾਹੀ ਕਲਮਬੱਧ ਕਰਵਾਉਣੀ ਸ਼ੁਰੂ ਕੀਤੀ ਸੀ ਪਰ ਗਵਾਹੀ ਪੂਰੀ ਨਾ ਹੋਣ ਕਾਰਨ ਅਦਾਲਤ ਨੇ ਸੁਣਵਾਈ ਮੁਲਤਵੀ ਕਰਦੇ ਹੋਏ ਉਨ੍ਹਾਂ ਨੂੰ ਹੋਰ ਗਵਾਹ ਵੀ ਅਦਾਲਤ ਵਿਚ ਪੇਸ਼ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਵੱਲੋਂ ਉਕਤ ਅਰਜ਼ੀ ਦਾਖਲ ਕੀਤੇ ਜਾਣ ਕਾਰਨ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਅੱਜ ਲਈ ਟਾਲ ਦਿੱਤੀ ਸੀ। 

ਮਾਣਹਾਨੀ ਦੇ ਮੁਕੱਦਮਿਆਂ ਨੂੰ ਭ੍ਰਿਸ਼ਟਾਚਾਰੀਆਂ ਨੇ ਆਪਣਾ ਹਥਿਆਰ ਬਣਾ ਲਿਐ : ਸੰਜੇ ਸਿੰਘ ਅਦਾਲਤ 'ਚ ਪੇਸ਼ੀ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਅਨਿਲ ਅੰਬਾਨੀ ਵੱਲੋਂ ਉਨ੍ਹਾਂ 'ਤੇ ਕੀਤੇ ਗਏ 5000 ਕਰੋੜ ਰੁਪਏ ਦੇ ਮਾਣਹਾਨੀ ਕੇਸ ਨੂੰ ਲੈ ਕੇ ਉਹ ਆਪਣੀ ਗੱਲ 'ਤੇ ਹੁਣ ਵੀ ਕਾਇਮ ਹਨ। 

ਸੰਜੇ ਸਿੰਘ ਨੇ ਕਿਹਾ ਕਿ ਮਾਣਹਾਨੀ ਦੇ ਮੁਕੱਦਮਿਆਂ ਨੂੰ ਭ੍ਰਿਸ਼ਟਾਚਾਰੀਆਂ ਨੇ ਆਪਣਾ ਹਥਿਆਰ ਬਣਾ ਲਿਆ ਹੈ ਪਰ ਉਹ ਇਨ੍ਹਾਂ ਮੁਕੱਦਮਿਆਂ ਤੋਂ ਨਹੀਂ ਡਰਨਗੇ।