ਮਾਲੇਗਾਉਂ ਧਮਾਕਾ ਹਿੰਦੂ ਰਾਸ਼ਟਰ ਬਣਾਉਣ ਵਲ ਕਦਮ ਸੀ

ਖਾਸ ਖ਼ਬਰਾਂ

ਨਵੀਂ ਦਿੱਲੀ, 29 ਦਸੰਬਰ : ਕੌਮੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਨੇ 2008 ਦੇ ਮਾਲੇਗਾਉਂ ਬੰਬ ਧਮਾਕਾ ਮਾਮਲਿਆਂ ਵਿਚ ਸਾਧਵੀ ਪ੍ਰਗਿਆ ਸਿੰਘ ਠਾਕੁਰ, ਲੈਫ਼ਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਅਤੇ ਹੋਰ ਮੁਲਜ਼ਮਾਂ ਵਿਰੁਧ ਅਤਿਵਾਦ ਦੇ ਦੋਸ਼ਾਂ ਵਿਚ ਮੁਕੱਦਮਾ ਚਲਾਉਣ ਦਾ ਹੁਕਮ ਦਿੰਦਿਆਂ ਕਿਹਾ ਹੈ ਕਿ ਉਹ ਏਜੰਸੀ ਦੀ ਇਸ ਦਲੀਲ ਨੂੰ ਪ੍ਰਵਾਨ ਕਰ ਰਹੀ ਹੈ ਕਿ ਧਮਾਕਾ ਕਰਨ ਵਾਲੇ 'ਹਿੰਦੂ ਰਾਸ਼ਟਰ' ਬਣਾਉਣਾ ਚਾਹੁੰਦੇ ਸਨ ਅਤੇ ਧਮਾਕਾ ਦਰਅਸਲ ਇਸ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ਵਿਚ ਚੁਕਿਆ ਗਿਆ ਕਦਮ ਸੀ।ਵਿਸ਼ੇਸ਼ ਜੱਜ ਐਸ ਡੀ ਟੇਕਾਲੇ ਨੇ 130 ਸਫ਼ਿਆਂ ਦੇ ਅਪਣੇ ਆਦੇਸ਼ ਵਿਚ ਕਿਹਾ ਕਿ ਮੁਲਜ਼ਮਾਂ ਵਿਰੁਧ ਮਕੋਕਾ ਤਹਿਤ ਮੁਕੱਦਮਾ ਚਲਾਉਣ ਲਈ ਲੋੜੀਂਦੇ ਸਬੂਤ ਨਹੀਂ ਸਨ। ਅਦਾਲਤ ਦੇ ਹੁਕਮ ਦੀ ਕਾਪੀ ਅੱਜ ਉਪਲਭਧ ਹੋਈ ਹੈ। 

ਵਿਸ਼ੇਸ਼ ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਵਿਰੁਧ ਮਕੋਕਾ ਤਹਿਤ ਤਾਂ ਮੁਕੱਦਮਾ ਨਹੀਂ ਚੱਲੇਗਾ ਪਰ ਉਨ੍ਹਾਂ ਨੂੰ ਹੋਰ ਕਾਨੂੰਨਾਂ ਤਹਿਤ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। 13 ਮੁਲਜ਼ਮਾਂ ਵਿਚੋਂ ਦੋ ਹੁਣ ਵੀ ਫ਼ਰਾਰ ਹਨ। ਅਦਾਲਤ ਨੇ ਕਲ ਤਿੰਨ ਮੁਲਜ਼ਮਾਂ ਨੂੰ ਦੋਸ਼ਾਂ ਤੋਂ ਮੁਕਤ ਕਰ ਦਿਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਵਿਰੁਧ ਲੋੜੀਂਦੇ ਸਬੂਤ ਨਹੀਂ ਹਨ। ਅਦਾਲਤ ਨੇ ਕਿਹਾ ਕਿ ਦੋ ਮੁਲਜ਼ਮਾਂ ਵਿਰੁਧ ਪੁਣੇ ਅਤੇ ਠਾਣੇ ਦੀਆਂ ਅਦਾਲਤਾਂ ਵਿਚ ਸਿਰਫ਼ ਹਥਿਆਰ ਨਿਯਮਾਂ ਤਹਿਤ ਮੁਕੱਦਮਾ ਚੱਲੇਗਾ। ਅਦਾਲਤ ਨੇ ਕਿਹਾ, 'ਇਸ ਪੜਾਅ 'ਤੇ ਗਵਾਹ ਗਿਣਤੀ 184 ਦੇ ਬਿਆਨ ਨਾਲ ਇਹ ਸਿੱਟਾ ਕਢਿਆ ਜਾ ਸਕਦਾ ਹੈ ਭੋਪਾਲ ਵਾਲੀ ਬੈਠਕ ਜਿਸ ਵਿਚ ਕਥਿਤ ਸਾਜ਼ਸ਼ ਰਚੀ ਗਈ, ਵਿਚ ਪ੍ਰਸਾਦ ਪੁਰੋਹਿਤ, ਸਾਧਵੀ ਪ੍ਰਗਿਆ ਸਿੰਘ, ਰਮੇਸ਼ ਉਪਾਧਿਆਏ ਅਤੇ ਹੋਰ ਹਾਜ਼ਰ ਸਨ।
(ਏਜੰਸੀ)