ਮਲੇਰਕੋਟਲਾ 'ਚ ਜ਼ਰੂਰਤਮੰਦ ਲੋਕਾਂ ਲਈ ਹੁਣ ਵਕੀਲ ਲੜਨਗੇ ਮੁਫ਼ਤ 'ਚ ਇਨਸਾਫ ਦੀ ਲੜਾਈ

ਖਾਸ ਖ਼ਬਰਾਂ

ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਵੱਲੋਂ ਮਲੇਰਕੋਟਲਾ ਦੇ ਪ੍ਰੇਮ ਨਿਊਰੋਸਾਈਕੇਟਰਿਕ ਪ੍ਰਾਈਵੇਟ ਹਸਪਤਾਲ ਵਿਖੇ ਲੀਗਲ ਐਂਡ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਸ੍ਰੀ ਤੇਜਪ੍ਰਤਾਪ ਸਿੰਘ ਰੰਧਾਵਾ ਦਾ ਮੌਕੇ ਤੇ ਪਹੁੰਚਣ ਤੇ ਡਾ. ਪੁਨੀਤ ਕਥੂਰੀਆ ਅਤੇ ਹਸਪਤਾਲ ਦੇ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਹ ਕਲੀਨਿਕ ਜ਼ਿਲ੍ਹਾ ਸੰਗਰੂਰ ਦਾ ਪਹਿਲਾ ਕਾਨੂੰਨੀ ਐਂਡ ਕਲੀਨਿਕ ਹੈ ਜਿੱਥੇ ਜ਼ਰੂਰਮੰਦ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਲਾਹ ਦਿੱਤੀ ਜਾਵੇਗੀ।ਇਸ ਮੌਕੇ ਤੇਜਪ੍ਰਤਾਪ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਜ਼ਿਲ੍ਹੇ ਦਾ ਪਹਿਲਾ ਕਾਨੂੰਨੀ ਐਂਡ ਕਲੀਨਿਕ ਖੋਲ੍ਹਿਆ ਗਿਆ ਹੈ ਤੇ ਇਸ ਤੋਂ ਇਲਾਵਾ ਸੰਗਰੂਰ ਵਿਖੇ ਵੀ ਇਸ ਤਰ੍ਹਾਂ ਦਾ ਕਾਨੂੰਨੀ ਏਡ ਕਲੀਨਿਕ ਖੋਲ੍ਹਿਆ ਜਾ ਰਿਹਾ ਹੈ। ਜਿਸ ਵਿਚ ਗਰੀਬ ਤੇ ਮੰਦਬੁੱਧੀ ਦਿਮਾਗੀ ਤੌਰ ਤੇ ਪ੍ਰੇਸ਼ਾਨ ਲੋਕਾਂ ਲਈ ਮੁਫ਼ਤ ਕਾਨੂੰਨੀ ਸੇਵਾ ਦੇਣ ਦੇ ਮਕਸਦ ਨਾਲ ਇਹ ਸਹਾਇਤਾ ਕਲੀਨਿਕ ਖੋਲ੍ਹਿਆ ਗਿਆ ਹੈ। 

ਤੇਜਪ੍ਰਤਾਪ ਸਿੰਘ ਰੰਧਾਵਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਨੇ ਪੱਤਰਕਾਰਾਂ ਅਤੇ ਹਸਪਤਾਲ ਦੇ ਵਿਚ ਮੌਜੂਦ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਮਾਨਸਿਕ ਤੌਰ ਤੇ ਬਿਮਾਰ ਜਾਂ ਨਸ਼ੇ ਦਾ ਆਦੀ ਹੈ ਉਸ ਨਾਲ ਕੋਈ ਧੱਕਾ ਹੋ ਰਿਹਾ ਹੈ। ਉਸ ਦਾ ਕੋਈ ਪਰਿਵਾਰਿਕ ਝਗੜਾ, ਮਕਾਨ ਦਾ ਝਗੜਾ ਹੋਇਆ ਹੈ। ਇਸ ਤੋਂ ਇਲਾਵਾ ਕਿਸੇ ਵੀ ਪ੍ਰਕਾਰ ਦੀਆਂ ਸ਼ਿਕਾਇਤਾਂ ਹੋਣ ਤਾਂ ਉਹ ਮਲੇਰਕੋਟਲਾ ਵਿਖੇ ਖੁੱਲ੍ਹੇ ਇਸ ਨਵੇਂ ਲੀਗਲ ਏਡ ਕਲੀਨਿਕ ਵਿਚ ਬਿਨਾਂ ਕਿਸੇ ਖਰਚ ਤੋਂ ਦੇ ਸਕਦੇ ਹਨ।

ਸ਼ਿਕਾਇਤ ਕਰਤਾ ਦਾ ਮੁਫ਼ਤ ਦੇ ਵਿਚ ਵਕੀਲ ਕੇਸ ਲੜੇਗਾ ਅਤੇ ਉਸ ਵਿਅਕਤੀ ਲਈ ਇਨਸਾਫ਼ ਦੀ ਲੜਾਈ ਲੜੇਗਾ। ਇਸ ਮੌਕੇ ਪ੍ਰੇਮ ਨਿਊਰੋ ਹਸਪਤਾਲ ਦੇ ਮਾਲਕ ਡਾ. ਪੁਨੀਤ ਕਥੂਰੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਜੋ ਲੀਗਲ ਐਂਡ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਹੈ। ਇਹ ਲੋਕਾਂ ਲਈ ਵਰਦਾਨ ਸਿੱਧ ਹੋਵੇਗਾ। ਇਸ ਮੌਕੇ ਡਾਕਟਰ ਪੁਨੀਤ ਕਥੂਰੀਆ ਨੇ ਕਿਹਾ ਕਿ ਇਸ ਸੈਂਟਰ ਦਾ ਸਿੱਧਾ ਫ਼ਾਇਦਾ ਇਲਾਜ਼ ਕਰਵਾਉਣ ਵਾਲੇ ਮਰੀਜ਼ਾਂ ਤੇ ਹੋਰ ਲੋਕਾਂ ਨੂੰ ਮਿਲੇਗਾ।

ਉਨ੍ਹਾਂ ਕਿਹਾ ਜੇਕਰ ਕੋਈ ਗਰੀਬ ਵਿਅਕਤੀ ਮੁਫ਼ਤ ਸਹਾਇਤਾ ਲੈਣਾ ਚਾਹੁੰਦਾ ਹੈ ਤਾਂ ਸਿਵਲ ਕੋਰਟ ਮਲੇਰਕੋਟਲਾ ਵਿਖੇ ਇਕ ਸਹਾਇਤ ਫ਼ਰੰਟ ਬਣਿਆ ਹੋਇਆ ਹੈ ਜਿੱਥੇ ਵਕੀਲ ਅਤੇ ਹੋਰ ਸਟਾਫ਼ ਅਜਿਹੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਸਦਾ ਹੱਲ ਕੀਤਾ ਜਾਂਦਾ ਹੈ। ਉਧਰ ਇਸ ਮੌਕੇ ਲੋਕਾਂ ਵੱਲੋ ਵੀ ਇਸ ਦੀ ਸਲਾਘਾ ਕਰਦਿਆ ਕਿਹਾ ਕਿ ਉਹਨਾ ਨੂੰ ਇਸ ਦਾ ਸਿੱਧੇ ਤੌਰ ਤੇ ਫਾਇਦਾ ਮਿਲੇਗਾ ਜਿਸ ਦੀ ਜਾਣਕਾਰੀ ਉਹ ਆਪਣੇ ਰਿਸ਼ਤੇਦਾਰਾ ਨੂੰ ਵੀ ਦੇਣਗੇ ਅਤੇ ਇਸ ਦਾ ਲਾਭ ਉਠਾਉਣਗੇ।