ਮਾਂ-ਬੋਲੀ ਨਾਲ ਹੁੰਦੇ ਵਿਤਕਰੇ ਵਿਰੁੱਧ ਕਿਉਂ ਚੁੱਪੀ ਧਾਰ ਜਾਂਦੇ ਹਨ ਲਲਕਾਰੇ ਮਾਰਦੇ ਪੰਜਾਬੀ ?

ਖਾਸ ਖ਼ਬਰਾਂ

(ਪਨੇਸਰ ਹਰਿੰਦਰ) - ਪੰਜ ਦਰਿਆਵਾਂ ਦੀ ਧਰਤੀ ਪੰਜਾਬ ਅਤੇ ਇਸ ਜ਼ਰਖੇਜ਼ ਧਰਤੀ ਦੇ ਜਾਇਆਂ ਦੀ ਮਾਂ-ਬੋਲੀ ਪੰਜਾਬੀ। ਗੁਰੂਆਂ ਪੀਰਾਂ ਦੇ ਆਸ਼ੀਰਵਾਦ ਲੈ ਕੇ ਚੱਲੀ ਪੰਜਾਬੀ ਬੋਲੀ ਨੇ ਵਿਦੇਸ਼ਾਂ ਵਿੱਚ ਮਕਬੂਲੀਅਤ ਦੇ ਝੰਡੇ ਗੱਡ ਦਿੱਤੇ ਪਰ ਆਪਣੇ ਹੀ ਘਰ ਵਿੱਚ ਪਰਾਈ ਕਰ ਦਿੱਤੀ ਗਈ। ਲਿਖਤੀ ਰੂਪ ਅਤੇ ਬੋਲਚਾਲ ਦੀ ਬੋਲੀ ਦੇ ਰੂਪ, ਹਰ ਪਾਸਿਓਂ ਪੰਜਾਬੀ ਨੂੰ ਲੱਗੀ ਢਾਅ ਕਾਰਨ ਮਾਂ-ਬੋਲੀ ਨੂੰ ਪਿਆਰ ਕਰਨ ਵਾਲਾ ਹਰ ਸ਼ਖ਼ਸ ਡਾਢਾ ਫ਼ਿਕਰਮੰਦ ਹੈ।


ਅੱਜ ਕੱਲ੍ਹ ਪੰਜਾਬ ਵਿੱਚ ਲੱਗੇ ਸੂਚਨਾਂ ਬੋਰਡਾਂ ਦਾ ਮਸਲਾ ਸੋਸ਼ਲ ਮੀਡੀਆ 'ਤੇ ਬੜਾ ਛਾਇਆ ਹੋਇਆ ਹੈ ਜਿਸ ਵਿੱਚ ਸਭ ਤੋਂ ਉੱਪਰ ਹਿੰਦੀ, ਫਿਰ ਅੰਗਰੇਜ਼ੀ ਅਤੇ ਸਭ ਤੋਂ ਹੇਠਾਂ ਪੰਜਾਬੀ ਵਿੱਚ ਪਿੰਡ ਜਾਂ ਸ਼ਹਿਰ ਦਾ ਨਾਂਅ ਲਿਖੇ ਜਾਣ ਕਾਰਨ ਵਿਰੋਧ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਅੱਜ ਪ੍ਰਚਾਰ ਦਾ ਸਭ ਤੋਂ ਤਾਕਤਵਰ ਅਤੇ ਆਸਾਨ ਸਾਧਨ ਹੈ ਅਤੇ ਇਸ ਰਾਹੀਂ ਇਹਨਾਂ ਸੂਚਨਾ ਬੋਰਡਾਂ ਉੱਪਰ ਹਿੰਦੀ ਅਤੇ ਅੰਗਰੇਜ਼ੀ 'ਤੇ ਕਾਲਖ ਫੇਰ ਕੇ ਪੰਜਾਬੀ ਦੇ ਨਿਰਾਦਰ ਦਾ ਵਿਰੋਧ ਕਰਕੇ ਪੰਜਾਬੀ ਬੋਲੀ ਨੂੰ ਉੱਪਰ ਲਿਖਣ ਦੀ ਮੰਗ ਕੀਤੀ ਜਾ ਰਹੀ ਹੈ। 



 ਸਾਹਮਣੇ ਆ ਰਹੇ ਸੂਚਨਾ ਬੋਰਡਾਂ ਵਿੱਚ ਪਟਿਆਲਾ ਤੋਂ ਬਠਿੰਡਾ ਮੁੱਖ ਮਾਰਗ ਤੇ ਲਗਾਏ ਗਏ ਬੋਰਡ ਜ਼ਿਆਦਾ ਗਿਣਤੀ ਵਿੱਚ ਹਨ ਜਦਕਿ ਪੂਰੇ ਪੰਜਾਬ ਵਿੱਚ ਅਜਿਹੇ ਬੋਰਡ ਮਿਲਣਾ ਕੋਈ ਬਹੁਤੀ ਹੈਰਾਨੀ ਦੀ ਗੱਲ ਨਹੀਂ।  

ਮਾਂ-ਬੋਲੀ ਪੰਜਾਬੀ ਦੀ ਹੋ ਰਹੀ ਇਸ ਦੁਰਦਸ਼ਾ ਦਾ ਇੱਕ ਪਹਿਲੂ ਇਹ ਵੀ ਹੈ ਕਿ ਉਸਦੀ ਬੇਕਦਰੀ ਉਸਦੇ ਆਪਣੇ ਹੀ ਘਰ ਵਿੱਚ ਕੀਤੀ ਜਾ ਰਹੀ ਹੈ। ਜਿੱਥੇ ਹੋਰਨਾਂ ਸੂਬਿਆਂ ਵਿੱਚ ਉਹਨਾਂ ਇਲਾਕਿਆਂ ਦੀ ਖੇਤਰੀ ਭਾਸ਼ਾ ਨੂੰ ਪਹਿਲ ਦਿੱਤੀ ਜਾਂਦੀ ਹੈ, ਪੰਜਾਬ ਵਿੱਚ ਪੰਜਾਬੀਆਂ ਦੀ ਮਾਂ-ਬੋਲੀ ਨੂੰ ਹਾਸ਼ੀਏ 'ਤੇ ਧੱਕਿਆ ਜਾ ਰਿਹਾ ਹੈ। 


ਇੱਥੋਂ ਤੱਕ ਕਿ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੀ ਪੰਜਾਬੀ ਬੋਲੀ ਆਪਣੇ ਪੂਰੇ ਜੋਬਨ 'ਤੇ ਹੈ ਪਰ ਕਿੱਡੀ ਸ਼ਰਮਨਾਕ ਗੱਲ ਹੈ ਕਿ ਪੰਜਾਬ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਉਹਨਾਂ ਦੀ ਮਾਂ-ਬੋਲੀ ਬੋਲਣ 'ਤੇ ਜੁਰਮਾਨੇ ਕੀਤੇ ਜਾ ਰਹੇ ਹਨ।  ਗੱਲ ਸਿਰਫ਼ ਇਹ ਨਹੀਂ ਹੈ ਕਿ ਪੰਜਾਬੀ ਬੋਲੀ ਦੇ ਵਿਰੋਧੀ ਕੀ ਕੁਝ ਅਤੇ ਕਿਵੇਂ ਕਰ ਰਹੇ ਹਨ, ਉਸ ਤੋਂ ਵੱਡੀ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਲੋਕ ਆਪਣੀ ਮਾਂ-ਬੋਲੀ ਦੇ ਹੱਕ ਵਿੱਚ ਕਿੱਥੇ ਕੁ ਖੜ੍ਹੇ ਹਨ। ਜੇਕਰ ਅਮਰੀਕਾ, ਕਨੇਡਾ ਅਤੇ ਇੰਗਲੈਂਡ ਵਰਗੇ ਮੁਲਕਾਂ ਵਿੱਚ ਪ੍ਰਫੁੱਲਿਤ ਹੋ ਰਹੀ ਪੰਜਾਬੀ ਲਈ ਅਸੀਂ ਮਾਣ ਮਹਿਸੂਸ ਕਰਦੇ ਹਾਂ ਤਾਂ ਆਪਣੀ ਜਨਮ ਭੂਮੀ 'ਤੇ ਵਿਤਕਰੇ ਦਾ ਸ਼ਿਕਾਰ ਹੋ ਰਹੀ ਪੰਜਾਬੀ ਬੋਲੀ ਦੇ ਹੱਕ ਵਿੱਚ ਕਦਮ ਚੁੱਕਣਾ ਵੀ ਹਰ ਪੰਜਾਬੀ ਦਾ ਨੈਤਿਕ ਫਰਜ਼ ਹੈ।

 

ਵਿਸ਼ਵੀਕਰਨ ਦੇ ਦੌਰ ਵਿੱਚ ਅੰਤਰਰਾਸ਼ਟਰੀ ਭਾਸ਼ਾਵਾਂ ਸਿੱਖਣੀਆਂ ਜ਼ਰੂਰੀ ਵੀ ਹਨ ਅਤੇ ਚੰਗੀ ਗੱਲ ਹੈ ਕਿ ਅਸੀਂ ਜਿੱਥੇ ਵੀ ਜਾਇਏ ਆਪਣੇ ਨਾਲ ਆਪਣੀ ਬੋਲੀ ਨੂੰ ਵੀ ਨਵੇਂ ਮੁਕਾਮਾਂ ਤੇ ਲਿਜਾਈਏ। ਕਿਸੇ ਹੋਰ ਭਾਸ਼ਾ ਨੂੰ ਸਤਿਕਾਰ ਦਿੰਦੇ ਹੋਏ ਆਪਣੀ ਮਾਂ-ਬੋਲੀ ਨਾਲ ਵਿਤਕਰਾ ਕਿਸੇ ਕੀਮਤ 'ਤੇ ਜਾਇਜ਼ ਨਹੀਂ।ਮਸ਼ਹੂਰ ਕੁਰਦ ਲੇਖਕ ਮੂਸਾ ਅੰਤਰ ਨੇ ਲਿਖਿਆ ਸੀ 'ਜੇਕਰ ਮੇਰੀ ਮਾਂ-ਬੋਲੀ ਤੋਂ ਤੁਹਾਡੇ ਰਾਜ ਨੂੰ ਖ਼ਤਰਾ ਹੈ ਇਹਦਾ ਇਹ ਮਤਲਬ ਹੈ ਕਿ ਤੁਸੀਂ ਆਪਣਾ ਰਾਜ ਮੇਰੀ ਧਰਤੀ 'ਤੇ ਉਸਾਰਿਆ ਹੈ।

  

ਰੂਸ ਦੇ ਮਹਾਨ ਲੇਖਕ ਰਸੂਲ ਹਮਜ਼ਾਤੋਵ ਨੇ ਲਿਖਿਆ ਸੀ ਕਿ ਜੇਕਰ ਕਿਸੇ ਨੂੰ ਗਾਲ਼ ਕੱਢਣੀ ਹੋਵੇ ਤਾਂ ਉਸਨੂੰ ਕਹਿ ਦਿਉ ਕਿ ਜਾਹ ਤੈਨੂੰ ਤੇਰੀ ਮਾਂ-ਬੋਲੀ ਭੁੱਲ ਜਾਵੇ।  ਇਸੇ ਤਰਾਂ ਪੰਜਾਬੀ ਸੰਗੀਤਕਾਰ ਅਤੇ ਕਵੀ ਸੰਗਤਾਰ ਨੇ ਅਜਿਹਾ ਹੀ ਸੁਨੇਹਾ ਦਿੰਦੀਆਂ ਬਹੁਤ ਖੂਬਸੂਰਤ ਸਤਰਾਂ ਲਿਖੀਆਂ ਹਨ -


ਰਹੇਗਾ ਸੰਗੀਤ ਰਾਗੀ ਢਾਡੀ ਜਿਉਂਦੇ ਰਹਿਣਗੇ

ਲੋਕ ਗੀਤਾਂ ਨਾਲ਼ ਦਾਦਾ ਦਾਦੀ ਜਿਉਂਦੇ ਰਹਿਣਗੇ

ਦਿੰਦੇ ਰਹੋ ਭਰ ਭਰ ਮੁੱਠੀਆਂ ਪਿਆਰ ਇਹਨੂੰ

ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ



ਦੇਸ਼-ਵਿਦੇਸ਼ ਵਸਦਾ ਹਰ ਪੰਜਾਬੀ ਬੜੇ ਮਾਣ ਨਾਲ ਕਹਿੰਦਾ ਹੈ ਕਿ ਅਸੀਂ ਪੰਜਾਬੀ ਹਾਂ ਪਰ ਪੰਜਾਬੀ ਅਸੀਂ ਇਸ ਕਰਕੇ ਹਾਂ ਕਿਉਂ ਕਿ ਅਸੀਂ ਪੰਜਾਬੀ ਬੋਲੀ ਬੋਲਦੇ ਹਾਂ। ਮਾਂ-ਬੋਲੀ ਕਿਸੇ ਕੌਮ ਦੀ ਜੜ੍ਹ ਹੁੰਦੀ ਹੈ ਅਤੇ ਜੜ੍ਹਾਂ ਤੋਂ ਟੁੱਟੇ ਵੱਡੇ ਤੋਂ ਵੱਡੇ ਦਰੱਖਤ ਚੁੱਲ੍ਹੇ ਦੀ ਸਵਾਹ ਹਵਾ ਵਿੱਚ ਉਡ ਜਾਂਦੇ ਹਨ। ਕੁਝ ਸਮੇਂ ਬਾਅਦ ਅਜਿਹੇ ਵੱਡੇ ਦਰੱਖਤਾਂ ਦਾ ਧਰਤੀ 'ਤੇ ਕੋਈ ਨਾਮੋ-ਨਿਸ਼ਾਨ ਵੀ ਨਹੀਂ ਬਚਦਾ। ਆਓ, ਅਸੀਂ ਖ਼ੁਦ ਮਾਂ-ਬੋਲੀ ਪੰਜਾਬੀ ਨੂੰ ਉਸਦਾ ਬਣਦਾ ਮਾਣ-ਸਤਿਕਾਰ ਦਈਏ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪੰਜਾਬੀ ਬੋਲੀ ਦੀ ਗੁੜ੍ਹਤੀ ਦਈਏ।