ਮਿੰਨੀ ਸਕੱਤਰੇਤ ਅੱਗੇ ਪੱਕਾ ਮੋਰਚਾ ਚੌਥੇ ਦਿਨ ਵੀ ਜਾਰੀ
ਬਠਿੰਡਾ, 4 ਜਨਵਰੀ (ਸੁਖਜਿੰਦਰ ਮਾਨ) : ਪੰਜਾਬ ਸਰਕਾਰ ਦੇ ਬਠਿੰਡਾ ਥਰਮਲ ਦੇ ਚਾਰੇ ਯੂਨਿਟ ਅਤੇ ਰੋਪੜ ਥਰਮਲ ਦੇ ਦੋ ਯੂਨਿਟ ਮੁਕੰਮਲ ਰੂਪ 'ਚ ਬੰਦ ਕਰਨ ਦੇ ਫ਼ੈਸਲੇ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕੱਚੇ ਕਾਮਿਆਂ ਨੇ ਅੱਜ ਸ਼ਹਿਰ 'ਚ ਰੋਸ ਮਾਰਚ ਕੱਢਣ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪਾਵਰ ਹਾਊਸ ਰੋਡ ਅੱਗੇ ਪੁਤਲਾ ਫ਼ੂਕ ਕੇ ਅਪਣਾ ਗੁੱਸਾ ਕੱÎਢਿਆ। ਸਥਾਨਕ ਮਿੰਨੀ ਸਕੱਤਰੇਤ ਅੱਗੇ ਪਿਛਲੇ ਚਾਰ ਦਿਨਾਂ ਤੋਂ ਪੱਕਾ ਮੋਰਚਾ ਲਗਾਈ ਬੈਠੇ ਸੈਕੜਿਆਂ ਦੀ ਤਾਦਾਦ 'ਚ ਇਨ੍ਹਾਂ ਕਰਮਚਾਰੀਆਂ ਨੇ ਸਰਕਾਰ ਵਿਰੁਧ ਰੱਜ ਕੇ ਭੜਾਸ ਕੱਢੀ। ਇਸ ਦੌਰਾਨ ਉਨ੍ਹਾਂ ਨਾਹਰੇਬਾਜ਼ੀ ਵੀ ਕੀਤੀ। ਕੱਚੇ ਕਾਮਿਆਂ ਵਲੋਂ ਸ਼ੁਰੂ ਕੀਤੇ ਪੱਕੇ ਮੋਰਚੇ ਦੀ ਭਰਾਤਰੀ ਜਥੇਬੰਦੀਆਂ ਵਲੋਂ ਡਟ ਕੇ ਹਮਾਇਤ ਕੀਤੀ ਜਾ ਰਹੀ ਹੈ। ਬਠਿੰਡਾ ਸਕੱਤਰੇਤ ਮੂਹਰੇ ਟੈਂਟ ਤੇ ਲੰਗਰ ਲਗਾ ਕੇ ਬਾਲ-ਬੱਚਿਆਂ ਸਮੇਤ ਬੈਠੇ ਥਰਮਲ ਦੇ ਠੇਕਾ ਕਾਮਿਆਂ ਦੀ ਜਥੇਬੰਦੀ ਦੇ ਕਨਵੀਨਰ ਰਾਜਿੰਦਰ ਸਿੰਘ ਢਿੱਲੋਂ ਨੇ ਦਸਿਆ
ਕਿ ਪੱਕੇ ਮੋਰਚੇ ਦੌਰਾਨ ਭਰਾਤਰੀ ਜਥੇਬੰਦੀਆਂ ਅਤੇ ਸ਼ਹਿਰ ਵਿਚੋਂ ਦਾਨੀ ਸੱਜਣਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਧਰਨੇ ਦੌਰਾਨ ਛੋਟੇ-ਛੋਟੇ ਬੱਚੇ ਵੀ ਜ਼ੋਰ ਨਾਲ ਨਾਹਰੇ ਲਗਾਉਂਦੇ ਵੇਖੇ ਗਏ। ਡੀ.ਸੀ. ਦਫ਼ਤਰ ਅੱਗੇ ਨਾਹਰੇਬਾਜ਼ੀ ਕਰਨ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪੁਤਲੇ ਨੂੰ ਅਜੀਤ ਰੋਡ ਹੁੰਦੇ ਹੋਏ ਪਾਵਰਹਾਊਸ ਰੋਡ 'ਤੇ
ਲਿਜਾ ਕੇ ਫੂਕਿਆ ਗਿਆ।
ਜਥੇਬੰਦੀ ਦੇ ਆਗੂਆਂ ਨੇ ਸੰਘਰਸ਼ ਨੂੰ ਵਾਜਬ ਤੇ ਹੱਕੀ ਦਸਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕ ਤੇ ਮੁਲਾਜ਼ਮ ਮਾਰੂ ਕਾਰਾ ਕਰ ਕੇ ਸਰਕਾਰੀ ਖੇਤਰ ਵਿਚ ਬਿਜਲੀ ਪੈਦਾ ਕਰਨ ਵਾਲੇ ਸਰਕਾਰੀ ਥਰਮਲਾਂ ਨੂੰ ਢਾਹ ਕੇ ਪ੍ਰਾਈਵੇਟ ਬਿਜਲੀ ਥਰਮਲਾਂ ਨੂੰ ਖਪਤਕਾਰਾਂ ਦੀ ਛਿੱਲ ਲਾਹੁਣ ਦੀ ਖੁਲ੍ਹ ਦੇਣੀ ਹੈ। ਧਰਨੇ ਦੌਰਾਨ ਕਾਮਿਆਂ ਵਲੋਂ ਬੀਤੀ ਸ਼ਾਮ ਨੂੰ ਅਪਣੇ ਪਰਵਾਰਾਂ ਸਮੇਤ ਸਿਰ ਉਤੇ ਜਾਗੋ ਚੁੱਕ ਪੰਜਾਬ ਸਰਕਾਰ ਨੂੰ ਜਗਾਉਣ ਲਈ ਸ਼ਹਿਰ ਵਿਚ ਜਾਗੋ ਮਾਰਚ ਕੀਤਾ ਗਿਆ।