'ਮਨ ਕੀ ਬਾਤ' 'ਚ ਪੀਐਮ ਮੋਦੀ ਬੋਲੇ - ਮੁਸਲਮਾਨ ਔਰਤਾਂ ਦੇ ਹੱਕ ਵਿਚ

ਤਿੰਨ ਤਲਾਕ ਦੇ ਖ਼ਿਲਾਫ਼ ਲੋਕ ਸਭਾ ‘ਚ ਬਿੱਲ ਪਾਸ ਹੋਣ ਦੇ ਦੋ ਦਿਨ ਬਾਅਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੱਜ ਦੀ ਯਾਤਰਾ ‘ਚ ਮੁਸਲਮਾਨ ਔਰਤਾਂ ਦੇ ਹੱਕ ‘ਚ ਆਵਾਜ਼ ਚੁੱਕ ਦਿਆਂ ਕਿਹਾ ਹੈ ਕਿ ਮੁਸਲਮਾਨ ਔਰਤਾਂ ਹੁਣ ਬਿਨਾਂ ਮਰਦਾਂ ਦੇ ਵੀ ਹੱਜ ਦੀ ਯਾਤਰਾ ‘ਤੇ ਜਾ ਸਕਦੀਆਂ ਹਨ। ਉਨ੍ਹਾਂ ਸਾਲ ਦੇ ਆਖਰੀ ਦਿਨ ਕੀਤੀ ‘ਮਨ ਕੀ ਬਾਤ’ ‘ਚ ਲੋਕਾਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ।

2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁਸਲਮਾਨ ਔਰਤਾਂ ਦੀ ਹਮਾਇਤ ‘ਚ ਆਏ ਤਿੰਨ ਤਲਾਕ ਅਤੇ ਹੱਜ ਯਾਤਰਾ ਲਈ ਇਨ੍ਹਾਂ ਬਿਆਨਾਂ ਦੀ ਸਿਆਸੀ ਅਹਿਮੀਅਤ ਨੂੰ ਅਣਗੌਲਿਆ ਨਹੀਂ ਜਾ ਸਕਦਾ। ਜ਼ਿਕਰਯੋਗ ਹੈ ਕਿ ਹਾਲੇ ਤੱਕ ਹੱਜ ਦੀ ਯਾਤਰਾ ‘ਤੇ ਜਾਣ ਲਈ ਮੁਸਲਮਾਨ ਔਰਤਾਂ ਨੂੰ ਇਕੱਲੇ ਜਾਣ ਦੀ ਇਜਾਜ਼ਤ ਨਹੀਂ ਸੀ। ਇਕੱਲੀ ਔਰਤ ਨੂੰ ਹੱਜ ‘ਤੇ ਜਾਣ ਲਈ ਇਕ ਮਹਿਰਮ ਦੀ ਲੋਡ਼ ਹੁੰਦੀ ਹੈ। ਮਹਿਰਮ ਉਸ ਸ਼ਖ਼ਸ ਨੂੰ ਕਹਿੰਦੇ ਹਨ, ਜਿਸ ਨਾਲ ਔਰਤ ਦਾ ਵਿਆਹ ਨਹੀਂ ਹੋ ਸਕਦਾ, ਜਿਵੇਂ ਪਿਤਾ, ਸਕਾ ਭਰਾ, ਪੁੱਤਰ, ਦੋਹਤਾ ਜਾਂ ਪੋਤਾ।

ਹੁਣ ਨਵੀਂ ਹੱਜ ਨੀਤੀ ਤਹਿਤ 45 ਸਾਲ ਦੀ ਉਮਰ ਪਾਰ ਕਰ ਚੁੱਕੀਆਂ ਚਾਰ ਜਾਂ ਉਸ ਤੋਂ ਵੱਧ ਮੁਸਲਮਾਨ ਔਰਤਾਂ ਬਿਨਾਂ ਮਹਿਰਮ ਤੋਂ ਵੀ ਇਕੱਠੀਆਂ ਹੱਜ ਯਾਤਰਾ ‘ਤੇ ਜਾ ਸਕਦੀਆਂ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਕੱਲੀਆਂ ਔਰਤਾਂ ਨੂੰ ਹੱਜ ਕਰਨ ਲਈ ਤਰਜੀਹ ਦਿੱਤੀ ਜਾਏਗੀ ਅਤੇ ਉਨ੍ਹਾਂ ਨੂੰ ਹੱਜ ਲਈ ਕੀਤੇ ਜਾਣ ਵਾਲੇ ਲਾਟਰੀ ਸਿਸਟਮ ਤੋਂ ਬਾਹਰ ਰੱ ਖਿਆ ਜਾਏਗਾ।

ਜਾਣਕਾਰੀ ਮੁਤਾਬਿਕ ਇਸ ਸਾਲ ਤਕਰੀਬਨ 1300 ਔਰਤਾਂ ਨੇ ਹੱਜ ਯਾਤਰਾ ‘ਚ ਜਾਣ ਦੀ ਇੱਛਾ ਪ੍ਰਗਟਾਉਂਦਿਆਂ ਦਰਖ਼ਾਸਤ ਦਿੱਤੀ ਹੈ। ਮੋਦੀ ਨੇ ਕਿਹਾ ਕਿ ਇਨ੍ਹਾਂ ਔਰਤਾਂ ਨੂੰ ਵਿਸ਼ੇਸ਼ ਕੈਟੇਗਰੀ ‘ਚ ਮੌਕਾ ਦਿੱਤਾ ਜਾਏਗਾ | ਇਹ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਅਸਿੱਧੇ ਤੌਰ ‘ਤੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕਈ ਮੁਸਲਮਾਨ ਦੇਸ਼ਾਂ ‘ਚ ਵੀ ਇਹ ਰਵਾਇਤ ਨਹੀਂ ਹੈ, ਪਰ ਆਜ਼ਾਦੀ ਦੇ 70 ਸਾਲ ਬਾਅਦ ਵੀ ਅਜਿਹੀਆਂ ਪਾਬੰਦੀਆਂ ਸਾਡੇ ਲੋਕਾਂ ਵੱਲੋਂ ਲਾਈਆਂ ਗਈਆਂ ਹਨ।