ਅੰਮ੍ਰਿਤਸਰ, 17 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਥ ਦਾ ਦਿਮਾਗ ਸਮਝੇ ਜਾਂਦੇ ਰਹੇ ਸਾਬਕਾ ਮੰਤਰੀ ਸ੍ਰ ਮਨਜੀਤ ਸਿੰਘ ਕਲਕੱਤਾ ਸਾਬਕਾ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਸਵੇਰੇ 6:30 ਵਜੇ ਸਥਾਨਕ ਈ.ਐਮ.ਸੀ ਕੱਕੜ ਹਸਪਤਾਲ ਵਿਖੇ ਦਿਹਾਂਤ ਹੋ ਗਿਆ। ਉਹ 80 ਸਾਲਾਂ ਦੇ ਸਨ ਤੇ ਪਿਛਲੇ 12 ਦਿਨਾਂ ਤੋਂ ਉਕਤ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ। ਸ. ਕਲਕੱਤਾ ਅਪਣੇ ਪਿੱਛੇ ਧਰਮ ਪਤਨੀ ਸੰਤੋਖ ਕੌਰ, ਬੇਟਾ ਗੁਰਪ੍ਰੀਤ ਸਿੰਘ ਹੈਪੀ ਤੇ ਦੋ ਕੈਨੇਡਾ ਵਾਸੀ ਬੇਟੀਆਂ ਛੱਡ ਗਏ ਹਨ। ਸ. ਮਨਜੀਤ ਸਿੰਘ ਦਾ ਜਨਮ ਕਲਕੱਤਾ ਵਿਖੇ ਹੋਇਆ ਜਿਥੇ ਉਨ੍ਹਾਂ ਦੇ ਪਿਤਾ ਜੀ ਟਰਾਂਸਪੋਰਟਰ ਸਨ। ਇਸ ਕਰ ਕੇ ਉਨ੍ਹਾਂ ਦਾ ਨਾਂਅ ਮਨਜੀਤ ਸਿੰੰਘ ਕਲਕੱਤਾ ਪੈ ਗਿਆ। ਹੁਣ ਵੀ ਉਨ੍ਹਾਂ ਦਾ ਕਾਰੋਬਾਰ ਕਲਕੱਤਾ ਵਿਖੇ ਹੀ ਹੈ।
ਅੰਮ੍ਰਿਤਸਰ 'ਚ ਕਹਿਰ ਦੀ ਸਰਦੀ ਪੈਂਦੀ ਹੈ ਜੋ ਮਨਜੀਤ ਸਿੰਘ ਕਲਕੱਤਾ ਦੀ ਸਿਹਤ ਲਈ ਅਨੁਕੂਲ ਨਹੀਂ ਸੀ ਤੇ ਉਹ ਹਰ ਸਾਲ ਸਰਦੀਆਂ 'ਚ ਦਸੰਬਰ ਤੋਂ 20 ਫ਼ਰਵਰੀ ਤਕ ਕਲਕੱਤੇ ਚਲੇ ਜਾਂਦੇ ਸਨ ਪਰ ਇਸ ਵਾਰ ਅਚਾਨਕ ਉਨ੍ਹਾਂ ਨੂੰ ਕਲਕੱਤਾ ਤੋਂ ਵਾਪਸ ਅੰਮ੍ਰਿਤਸਰ ਆਉਣਾ ਪੈ ਗਿਆ। ਇਥੇ ਕਹਿਰ ਦੀ ਸਰਦੀ ਪੈ ਰਹੀ ਸੀ ਜੋ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਸੀ। ਠੰਢ ਲੱਗ ਜਾਣ ਕਰ ਕੇ ਉਹ ਗੰਭੀਰ ਬੀਮਾਰ ਪੈ ਗਏ ਤੇ ਉਨ੍ਹਾਂ ਨੂੰ ਸਥਾਨਕ ਈ ਐਮ ਸੀ ਕੱਕੜ ਹਸਪਤਾਲ ਦਾਖਲ ਕਰਵਾਉਣਾ ਪਿਆ, ਜਿਥੇ ਅੱਜ ਉਨ੍ਹਾਂ ਆਖਰੀ ਸਾਹ ਸਵੇਰੇ 6:30 ਵਜੇ ਲਿਆ ਤੇ ਇਸ ਫਾਨੀ ਸੰਸਾਰ ਤੋਂ ਸਦਾ ਲਈ ਵਿਛੋੜਾ ਦੇ ਗਏ। ਅੱਜ ਸ. ਮਨਜੀਤ ਸਿੰਘ ਕਲਕੱਤਾ ਦੀ ਮ੍ਰਿਤਕ ਦੇਹ ਦਾ ਸਸਕਾਰ ਗੁਰਦੁਆਰਾ ਸ਼ਹੀਦਾਂ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਸ. ਕਲਕੱਤਾ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਦੇਸ਼-ਵਿਦੇਸ਼ ਵਿਚ ਸੋਗ ਦੀ ਲਹਿਰ ਪੰਥਕ ਤੇ ਸਿਆਸੀ ਹਲਕਿਆਂ ਵਿਚ ਦੌੜ ਗਈ ਜੋ ਸਮੂਹ ਰਾਜਨੀਤਕ ਆਗੂਆਂ ਦੇ ਬਹੁਤ ਕਰੀਬੀ ਸਨ।