ਮਾਰਚ ਦੇ ਦੂਜੇ ਹਫ਼ਤੇ ਬਠਿੰਡਾ ਤੋਂ ਚਲੇਗੀ ਇਲੈਕਟ੍ਰੀਕਲ ਟ੍ਰੇਨ, ਇਹ ਰਹੇਗਾ ਰੂਟ

ਬਠਿੰਡਾ ਤੋਂ ਦਿੱਲੀ ਤੱਕ ਇਲੈਕਟ੍ਰੀਕਲ ਇੰਜਣ ਵਾਲੀਆਂ ਗੱਡੀਆਂ ਦੌੜਨਗੀਆਂ। ਇਹ ਖੁਸ਼ਖਬਰੀ ਮਾਰਚ ਵਿੱਚ ਮਿਲਣ ਵਾਲੀ ਹੈ। ਬਠਿੰਡਾ ਤੋਂ ਨਰਵਾਣਾ ਤੱਕ 133 ਕਿਲੋਮੀਟਰ ਬਿਜਲੀ ਲਾਈਨ ਬਣ ਕੇ ਤਿਆਰ ਹੈ। ਇਸ ਦਾ ਚੀਫ਼ ਸੇਫਟੀ ਰੇਲਵੇ ਕਮਿਸ਼ਨਰ ਸ਼ੈਲੇਸ਼ ਕੁਮਾਰ ਵੱਲੋਂ ਨਿਰੀਖਣ ਕੀਤਾ ਗਿਆ।

ਮੰਗਲਵਾਰ ਦੀ ਸ਼ਾਮ ਚੀਫ਼ ਸੇਫ਼ਟੀ ਰੇਲਵੇ ਕਮਿਸ਼ਨਰ ਆਪਣੀ ਪੂਰੀ ਟੀਮ ਨਾਲ ਵਿਸ਼ੇਸ਼ ਰੇਲ ਗੱਡੀ ਰਾਹੀਂ ਨਰਵਾਣਾ ਤੋਂ ਬਿਜਲੀ ਲਾਈਨ ਦਾ ਨਿਰੀਖਣ ਕਰਦੇ ਹੋਏ ਸ਼ਾਮ ਤਕਰੀਬਨ ਸੱਤ ਵਜੇ ਕਟਾਰ ਸਿੰਘ ਵਾਲਾ ਪਹੁੰਚੇ। ਇੱਥੇ ਉਨ੍ਹਾਂ ਨੇ ਇਸ ਇੰਸਪੈਕਸ਼ਨ ਟਰਾਈਲ ਦਾ ਰਸਮੀ ਉਦਘਾਟਨ ਕੀਤਾ।

ਟਰਾਇਲ ਤੋਂ ਬਾਅਦ ਸੀਆਰਐਸਸੀ ਨੇ ਤਸੱਲੀ ਪ੍ਰਗਟਾਈ ਕਿ ਮਾਰਚ ਤੱਕ ਬਾਕੀ ਟਰੈਕ ਵੀ ਤਿਆਰ ਹੋ ਜਾਏਗਾ। ਮਾਰਚ ਵਿੱਚ ਬਠਿੰਡਾ ਤੋਂ ਦਿੱਲੀ ਤੱਕ ਬਿਜਲੀ ਵਾਲੀਆਂ ਰੇਲ ਗੱਡੀਆਂ ਦੌੜਨਗੀਆਂ।

ਹੁਣ ਤੱਕ ਇਸ ਟਰੈਕ ਉੱਪਰ ਡੀਜ਼ਲ ਤੇ ਕੋਇਲੇ ਵਾਲੀਆਂ ਗੱਡੀਆਂ ਚੱਲਦੀਆਂ ਸਨ। ਬਠਿੰਡਾ ਤੋਂ ਦਿੱਲੀ ਮਾਰਗ ਨੂੰ ਇਲੈਕਟ੍ਰੀਕਲ ਇੰਜਣਾਂ ਨਾਲ ਜੋੜਨ ਲਈ ਫਰਵਰੀ 2015 ਵਿੱਚ ਰੋਹਤਕ ਤੋਂ ਬਠਿੰਡੇ ਤੱਕ 294 ਕਰੋੜ ਰੁਪਏ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ।

 ਇਹ ਤਕਰੀਬਨ ਤਿਆਰ ਹੈ ਤੇ ਮਾਰਚ ਤੋਂ ਫਾਈਨਲ ਟਰਾਇਲ ਮਗਰੋਂ ਇਸ ਰੂਟ ਉੱਪਰ ਬਿਜਲੀ ਨਾਲ ਚੱਲਣ ਵਾਲੇ ਇੰਜਣ ਵਾਲੀਆਂ ਰੇਲ ਗੱਡੀਆਂ ਸ਼ੁਰੂ ਹੋ ਜਾਣਗੀਆ।