ਨਵੀਂ ਦਿੱਲੀ— ਹੁਣ ਵਿਦੇਸ਼ ਤੋਂ ਦਰਾਮਦ ਕੀਤੇ ਗਏ ਮੋਬਾਇਲ ਫੋਨ, ਐੱਲ. ਈ. ਡੀ. ਟੀਵੀ ਅਤੇ ਮਾਈਕਰੋਵੇਵ ਖਰੀਦਣਾ ਮਹਿੰਗਾ ਹੋ ਜਾਵੇਗਾ। ਇਸ 'ਚ ਸਭ ਤੋਂ ਵੱਡਾ ਝਟਕਾ ਆਈਫੋਨ ਦੇ ਸ਼ੌਕੀਨਾਂ ਨੂੰ ਲੱਗ ਸਕਦਾ ਹੈ। ਕਿਉਂਕਿ ਇਨ੍ਹਾਂ ਦੀ ਕੀਮਤ 'ਚ ਵਾਧਾ ਹੋ ਸਕਦਾ ਹੈ। ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਇਨ੍ਹਾਂ ਸਮਾਨਾਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਹੈ।
ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਕਿ ਮੇਕ ਇਨ ਇੰਡੀਆ ਮੁਹਿੰਮ ਨੂੰ ਰਫਤਾਰ ਦਿੱਤੀ ਜਾ ਸਕੇ। ਇਸ ਨਾਲ ਵਿਦੇਸ਼ੀ ਕੰਪਨੀਆਂ ਨੂੰ ਭਾਰਤ 'ਚ ਆਪਣਾ ਨਿਰਮਾਣ ਪਲਾਂਟ ਲਾਉਣ ਲਈ ਵੀ ਮਜ਼ਬੂਰ ਹੋਣਾ ਪਵੇਗਾ। ਸਰਕਾਰ ਨੇ ਮੋਬਾਇਲ ਫੋਨਾਂ 'ਤੇ ਕਸਟਮ ਡਿਊਟੀ 10 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਹੈ। ਮੋਬਾਇਲਾਂ 'ਤੇ ਕਸਟਮ ਡਿਊਟੀ ਵਧਣ ਨਾਲ ਐਪਲ ਦੇ ਫੋਨ ਮਹਿੰਗੇ ਹੋ ਸਕਦੇ ਹਨ, ਕਿਉਂਕਿ ਜਿਨ੍ਹਾਂ ਫੋਨਾਂ ਦਾ ਨਿਰਮਾਣ ਭਾਰਤ 'ਚ ਨਹੀਂ ਹੁੰਦਾ ਹੁਣ ਉਨ੍ਹਾਂ ਨੂੰ ਦਰਾਮਦ (ਇੰਪੋਰਟ) ਕਰਨਾ ਮਹਿੰਗਾ ਪਵੇਗਾ।
ਇਸ ਬਾਰੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਰਕਾਰ ਨੇ ਜੁਲਾਈ 'ਚ ਜੀ. ਐੱਸ. ਟੀ. ਦੇ ਨਾਲ ਹੀ ਪਹਿਲੀ ਵਾਰ ਮੋਬਾਇਲ ਫੋਨਾਂ 'ਤੇ ਕਸਟਮ ਡਿਊਟੀ ਲਗਾਈ ਸੀ। ਜਾਣਕਾਰੀ ਮੁਤਾਬਕ ਜਿਨ੍ਹਾਂ ਸਮਾਨਾਂ 'ਤੇ ਕਸਟਮ ਡਿਊਟੀ ਵਧਾਈ ਗਈ ਹੈ। ਉਨ੍ਹਾਂ 'ਚ ਪ੍ਰਾਜੈਕਟਰ, ਵਾਟਰ ਹੀਟਰ ਅਤੇ ਮਾਨੀਟਰ ਵੀ ਸ਼ਾਮਲ ਹਨ। ਮਾਨੀਟਰ ਅਤੇ ਪ੍ਰੋਜੈਕਟਰ 'ਤੇ ਕਸਟਮ ਡਿਊਟੀ ਵਧਾ ਕੇ 20 ਫੀਸਦੀ ਕਰ ਦਿੱਤੀ ਗਈ ਹੈ।