ਮੋਦੀ ਦਾ ਫ਼ਲਸਤੀਨ ਦੇ 'ਗਰੈਂਡ ਕਾਲਰ ਆਫ਼ ਦਾ ਸਟੇਟ' ਨਾਲ ਸਨਮਾਨ

ਦੇਸ਼ ਦਾ ਸਰਬਉੱਚ ਸਨਮਾਨ ਹੁਣ ਤਕ ਅਰਬ ਦੇ ਸ਼ਾਹ ਸਲਮਾਨ, ਬਹਰੀਨ ਦੇ ਸ਼ਾਹ ਹਮਾਦ, ਚੀਨ ਦੇ ਰਾਸ਼ਟਰਪਤੀ ਸ਼ੀ ਚਿਨਪਿੰਗ ਨੂੰ ਮਿਲ ਚੁਕਾ ਹੈ
ਰਾਮੱਲਾ, 10 ਫ਼ਰਵਰੀ : ਫ਼ਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਭਾਰਤ ਅਤੇ ਫ਼ਲਸਤੀਨ ਵਿਚਕਾਰ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੋਗਦਾਨ ਨੂੰ ਵੇਖਦਿਆਂ ਅੱਜ ਉਨ੍ਹਾਂ ਨੂੰ 'ਗਰੈਂਡ ਕਾਲਰ ਆਫ਼ ਦਾ ਸਟੇਟ ਆਫ਼ ਫ਼ਲਸਤੀਨ' ਨਾਲ ਸਨਮਾਨਤ ਕੀਤਾ। ਦੋਹਾਂ ਆਗੂਆਂ ਦੀ ਦੁਵੱਲੀ ਬੈਠਕ ਮਗਰੋਂ ਅੱਬਾਸ ਨੇ ਮੋਦੀ ਨੂੰ ਉਕਤ ਸਨਮਾਨ ਨਾਲ ਸਨਮਾਨਤ ਕੀਤਾ।  ਮੋਦੀ ਫ਼ਲਸਤੀਨ ਦੀ ਅਧਿਕਾਰਤ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਇਹ ਸਨਮਾਨ ਵਿਦੇਸ਼ੀ ਸ਼ਖ਼ਸੀਅਤਾਂ, ਦੇਸ਼ ਮੁਖੀਆਂ ਆਦਿ ਨੂੰ ਦਿਤਾ ਜਾਣਾ ਵਾਲਾ ਫ਼ਲਸਤੀਨ ਦਾ ਸਰਬਉੱਚ ਸਨਮਾਨ ਹੈ। ਪੱਤਰ ਵਿਚ ਲਿਖਿਆ ਗਿਆ ਹੈ, 'ਇਹ ਸਨਮਾਨ ਉਨ੍ਹਾਂ ਦੀ ਕਾਬਲ ਅਗਵਾਈ ਅਤੇ ਉਨ੍ਹਾਂ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਦ ਅਤੇ ਦੋਹਾਂ ਦੇਸ਼ਾਂ ਦੇ ਸਬੰਧ ਸੁਧਾਰਨ ਲਈ ਉਨ੍ਹਾਂ ਦੇ ਯਤਨਾਂ ਨੂੰ ਵੇਖਦਿਆਂ ਦਿਤਾ ਗਿਆ ਹੈ। ਖੇਤਰ ਵਿਚ ਸ਼ਾਂਤੀ ਕਾਇਮ ਰੱਖਣ ਲਈ ਆਜ਼ਾਦੀ ਅਤੇ ਸਾਡੇ ਲੋਕਾਂ ਦੇ ਆਜ਼ਾਦੀ ਦੇ ਹੱਕ ਲਈ ਉਨ੍ਹਾਂ ਦੇ ਸਮਰਥਨ ਦਾ ਸਨਮਾਨ ਕੀਤਾ ਗਿਆ ਹੈ।' ਇਸ ਤੋਂ ਪਹਿਲਾਂ ਇਹ ਸਨਮਾਨ ਸਾਊਦੀ ਅਰਬ ਦੇ ਸ਼ਾਹ ਸਲਮਾਨ, ਬਹਰੀਨ ਦੇ ਸ਼ਾਹ ਹਮਾਦ, ਚੀਨ ਦੇ ਰਾਸ਼ਟਰਪਤੀ ਸ਼ੀ ਚਿਨਪਿੰਗ ਅਤੇ ਹੋਰਾਂ ਨੂੰ ਦਿਤਾ ਜਾ ਚੁਕਾ ਹੈ। ਮੋਦੀ ਫ਼ਲਸਤੀਨ ਆਗੂ ਯਾਸਰ ਅਰਾਫ਼ਾਤ ਨੂੰ ਸ਼ਰਧਾਂਜਲੀ ਦੇਣ ਮਗਰੋਂ ਉਸ ਨਾਲ ਸਬੰਧਤ ਅਜਾਇਬ ਘਰ ਵਿਚ ਵੀ ਗਏ।