ਮੋਦੀ ਨੇ ਨੇਤਨਯਾਹੂ ਨੂੰ ਗਲ ਨਾਲ ਲਾ ਕੇ ਕੀਤਾ ਸਵਾਗਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੋਟੋਕਾਲ ਤੋੜਦਿਆਂ ਅੱਜ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਕੀਤੀ।ਪ੍ਰਧਾਨ ਮੰਤਰੀ ਨੇਤਨਯਾਹੂ ਛੇ ਦਿਨ ਦੀ ਯਾਤਰਾ ’ਤੇ ਭਾਰਤ ਆਏ ਹਨ। ਨਰਿੰਦਰ ਮੋਦੀ ਨੇ ਨੇਤਨਯਾਹੂ ਨੂੰ ਗਲ ਨਾਲ ਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ। 

ਦੋਵੇਂ ਨੇਤਾ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਸਮੇਤ ਵੱਖ-ਵੱਖ ਮੁੱਦਿਆਂ ’ਤੇ ਵਿਆਪਕ ਗੱਲਬਾਤ ਕਰਨਗੇ। ਮੋਦੀ ਨੇ ਕਿਹਾ, ‘ਪ੍ਰਧਾਨ ਮੰਤਰੀ ਨੇਤਾਨਯਾਹੂ ਤੁਹਾਡਾ ਭਾਰਤ ਵਿਚ ਸਵਾਗਤ ਹੈ। ਭਾਰਤ ਦੀ ਤੁਹਾਡੀ ਯਾਤਰਾ ਇਤਿਹਾਸਕ ਅਤੇ ਵਿਸ਼ੇਸ਼ ਹੈ। ਇਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਦੋਸਤੀ ਹੋਰ ਮਜ਼ਬੂਤ ਹੋਵੇਗੀ।’ 

ਦੋਵੇਂ ਨੇਤਾ ਕੁੱਝ ਸਮੇਂ ਬਾਅਦ ਦੁਪਹਿਰ ਸਮੇਂ ਇਥੇ ਤੀਨਮੂਰਤੀ ਮੈਮੋਰੀਅਲ ’ਚ ਕਰਵਾਏ ਜਾ ਰਹੇ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਹ ਪ੍ਰੋਗਰਾਮ ਤੀਨਮੂਰਤੀ ਚੌਕ ਦਾ ਨਾਂਅ ਰਸਮੀ ਤੌਰ ’ਤੇ ਤੀਨਮੂਰਤੀ ਹੈਫ਼ਾ ਚੌਕ ਕਰਨ ਲਈ ਕਰਵਾਇਆ ਗਿਆ। 

ਸੂਤਰਾਂ ਨੇ ਦਸਿਆ ਕਿ ਦੋਹਾਂ ਆਗੂਆਂ ਨੇ ਮੈਮੋਰੀਅਲ ’ਚ ਸ਼ਰਧਾਂਜਲੀ ਭੇਂਟ ਕੀਤੀ ਅਤੇ ਸ਼ਹੀਦੀ ਕਿਤਾਬ ’ਤੇ ਦਸਤਖ਼ਤ ਵੀ ਕੀਤੇ। ਨੇਤਾਨਯਾਹੂ ਨਾਲ ਉਨ੍ਹਾਂ ਦੀ ਪਤਨੀ ਸਾਰਾ ਵੀ ਆਈ ਹੈ। 

ਮੋਦੀ ਨੇ ਅੰਗਰੇਜ਼ੀ ਅਤੇ ਹਿਬਰੂ ਭਾਸ਼ਾ ਵਿਚ ਟਵੀਟ ਕੀਤਾ, ‘ਮੇਰੇ ਮਿੱਤਰ ਨੇਤਾਨਯਾਹੂ ਦਾ ਭਾਰਤ ਵਿਚ ਸਵਾਗਤ ਹੈ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰੇਗੀ।’