ਮੋਹਾਲੀ 'ਚ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਬੇਘਰ ਲੋਕਾਂ ਨੂੰ ਦਿੱਤੇ ਜਾਣਗੇ ਮਕਾਨ

ਮੋਹਾਲੀ: ਮੋਹਾਲੀ ਜ਼ਿਲੇ ਵਿੱਚ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਬੇਘਰ ਸ਼ਹਿਰੀ ਐੱਸ. ਸੀ. ਤੇ ਬੀ. ਸੀ. ਪਰਿਵਾਰਾਂ ਨੂੰ ਮੁਫਤ ਮਕਾਨ ਮੁਹੱਈਆ ਕਰਵਾਏ ਜਾਣਗੇ ਤੇ ਜ਼ਿਲੇ 'ਚ ਪੰਜਾਬ ਸ਼ਹਿਰੀ ਆਵਾਸ ਯੋਜਨਾ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾਵੇਗਾ, ਤਾਂ ਜੋ ਸਾਰੇ ਯੋਗ ਲਾਭਪਾਤਰੀਆਂ ਨੂੰ ਘਰ ਮੁਹੱਈਆ ਹੋ ਸਕਣ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਲਾਭਪਾਤਰੀਆਂ ਨੂੰ ਮਕਾਨ ਮੁਹੱਈਆ ਕਰਵਾਉਣ ਸਬੰਧੀ ਸਰਵੇਖਣ 30 ਸਤੰਬਰ ਤੱਕ ਮੁਕੰਮਲ ਕੀਤਾ ਜਾਵੇਗਾ। ਸਪਰਾ ਨੇ ਦੱਸਿਆ ਕਿ ਅਰਜ਼ੀ ਫਾਰਮ ਨਗਰ ਨਿਗਮ ਮੋਹਾਲੀ ਜ਼ਿਲੇ ਦੀਆਂ ਸਮੂਹ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਚ ਭਰ ਕੇ ਦਿੱਤੇ ਜਾ ਸਕਦੇ ਹਨ ਅਤੇ ਇਨ੍ਹਾਂ ਦਫਤਰਾਂ ਵਿਚ ਹੀ ਅਰਜ਼ੀ ਫਾਰਮ ਉਪਲਬਧ ਹਨ, ਜੋ ਕਿ ਬਿਲਕੁਲ ਮੁਫਤ ਮੁਹੱਈਆ ਕਰਵਾਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਪਹਿਲੇ ਫੇਜ਼ ਦੌਰਾਨ ਸ਼ਹਿਰੀ ਬੇਘਰ ਐੱਸ. ਸੀ.-ਬੀ. ਸੀ. ਪਰਿਵਾਰ ਜਿਨ੍ਹਾਂ ਦੀ ਆਮਦਨ 3 ਲੱਖ ਤੋਂ ਵੱਧ ਨਾ ਹੋਵੇ, ਉਨ੍ਹਾਂ ਨੂੰ ਇੱਕ ਬੈੱਡਰੂਮ ਵਾਲੇ ਮਕਾਨ ਮੁਫਤ ਮੁਹੱਈਆ ਕਰਵਾਏ ਜਾਣਗੇ ਤੇ ਦੂਜੇ ਫੇਜ਼ ਦੌਰਾਨ ਜਿਨ੍ਹਾਂ ਪਰਿਵਾਰਾਂ ਦੀ ਆਮਦਨ ਪੰਜ ਲੱਖ ਤੋਂ ਵੱਧ ਨਾ ਹੋਵੇ, ਨੂੰ ਇਕ ਬੈੱਡਰੂਮ ਵਾਲੇ ਮਕਾਨ ਮੁਫਤ ਕਰਵਾਏ ਜਾਣਗੇ। 

ਸਪਰਾ ਨੇ ਦੱਸਿਆ ਕਿ ਸ਼ਹਿਰੀ ਬੇਘਰ ਐੱਸ. ਸੀ., ਬੀ. ਸੀ. ਪਰਿਵਾਰਾਂ ਨੂੰ ਮੁਫਤ ਮਕਾਨ ਦੇ ਲਾਭਪਾਤਰੀ ਉਹੀ ਪਰਿਵਾਰ ਹੋਣਗੇ, ਜਿਸਦੇ ਮਾਤਾ-ਪਿਤਾ ਜਾਂ ਪਤੀ-ਪਤਨੀ ਜਾਂ ਨਿਰਭਰ ਬੱਚੇ ਦਾ ਆਪਣਾ ਘਰ ਜਾਂ ਘਰ ਲਈ ਪਲਾਟ ਉਸਦੇ ਪਰਿਵਾਰ ਦੇ ਨਾਂ, ਪੰਜਾਬ ਰਾਜ ਜਾਂ ਭਾਰਤ ਵਿਚ ਕਿਸੇ ਥਾਂ 'ਤੇ ਨਹੀਂ। ਇਸ ਸਕੀਮ ਲਈ ਪੰਜਾਬ ਰਾਜ ਵਿਚ ਪੈਦਾ ਹੋਏ ਲਾਭਪਾਤਰੀ ਨੂੰ ਤਰਜੀਹ ਦਿੱਤੀ ਜਾਵੇਗੀ ਜਾਂ ਉਹ 10 ਸਾਲ ਤੋਂ ਜ਼ਿਆਦਾ ਸਮੇਂ ਤੱਕ ਪੰਜਾਬ ਵਿਚ ਰਹਿ ਰਿਹਾ ਹੋਵੇ। 

ਸਪਰਾ ਨੇ ਦੱਸਿਆ ਕਿ ਬਿਨੈਕਾਰ ਨੂੰ ਆਪਣੀ ਅਰਜ਼ੀ ਨਾਲ ਅਧਿਕਾਰਿਤ ਸਰਕਾਰੀ ਵਿਭਾਗਾਂ ਤੋਂ ਪ੍ਰਮਾਣਿਤ ਜਾਤੀ ਸਰਟੀਫਿਕੇਟ, ਅਧਿਕਾਰਿਤ ਸਰਕਾਰੀ ਵਿਭਾਗ ਤੋਂ ਘੱਟੋ-ਘੱਟ 10 ਸਾਲਾਂ ਲਈ ਨਿਵਾਸ ਸਰਟੀਫਿਕੇਟ, ਆਧਾਰ ਕਾਰਡ, ਲਾਭਪਾਤਰੀ ਨੂੰ ਸਾਲਾਨਾ ਪਰਿਵਾਰਕ ਆਮਦਨ, ਘਰ ਜਾਂ ਘਰ ਲਈ ਪਲਾਟ ਨਾ ਹੋਣਾ ਆਦਿ ਦਾ ਸਵੈ-ਘੋਸ਼ਣਾ ਪੱਤਰ ਵੀ ਨਾਲ ਲਾਉਣਾ ਹੋਵੇਗਾ। 

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਪਰਿਵਾਰਿਕ ਆਮਦਨ 3 ਲੱਖ ਹੈ, ਉਹ ਈ. ਡਬਲਿਊ. ਐੱਸ. ਦੀ ਸ਼੍ਰੇਣੀ ਲਈ ਯੋਗ ਹਨ। 3 ਲੱਖ ਤੋਂ 6 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਐੱਲ. ਆਈ. ਜੀ. ਦੀ ਸ਼੍ਰੇਣੀ ਲਈ ਯੋਗ ਹਨ ਤੇ 6 ਲੱਖ ਤੋਂ 12 ਲੱਖ ਰੁਪਏ ਦੀ ਆਮਦਨ ਵਾਲੇ ਐੱਮ. ਆਈ. ਜੀ -1 ਸ਼੍ਰੇਣੀ ਲਈ ਯੋਗ ਹਨ। 12 ਲੱਖ ਤੋਂ 18 ਲੱਖ ਤੱਕ ਆਮਦਨ ਵਾਲੇ ਐੱਮ. ਆਈ. ਜੀ.-2 ਦੀ ਸ਼੍ਰੇਣੀ ਲਈ ਯੋਗ ਹਨ। 

ਅਪ-ਫਰੰਟ ਸਬਸਿਡੀ 6 ਲੱਖ ਰੁਪਏ ਤਕ ਦੇ ਲੋਨ 'ਤੇ 6.5 ਫੀਸਦੀ ਵਿਆਜ 15 ਸਾਲਾਂ ਦੇ ਸਮੇਂ ਲਈ ਈ. ਡਬਲਿਊ. ਐੱਸ., ਐੱਲ. ਆਈ. ਜੀ. ਕਿਸਮ ਦੇ ਘਰਾਂ ਲਈ ਦਿੱਤਾ ਜਾਵੇਗਾ ਤੇ ਐੱਨ. ਪੀ. ਬੀ. ਆਧਾਰ 'ਤੇ ਅਪ-ਫਰੰਟ ਸਬਸਿਡੀ 6 ਤੋਂ 12 ਲੱਖ ਰੁਪਏ ਦੇ ਲੋਨ 'ਤੇ ਵਿਆਜ ਐੱਮ. ਆਈ. ਜੀ.-1 ਕਿਸਮ ਦੇ ਘਰਾਂ ਲਈ ਦਿੱਤਾ ਜਾਵੇਗਾ। ਅਪ-ਫਰੰਟ ਸਬਸਿਡੀ 12 ਤੋਂ 18 ਲੱਖ ਰੁਪਏ ਦੇ ਲੋਨ 'ਤੇ 3 ਫੀਸਦੀ ਵਿਆਜ ਐੱਮ. ਆਈ. ਜੀ.-2 ਕਿਸਮ ਦੇ ਘਰਾਂ ਲਈ ਦਿੱਤਾ ਜਾਵੇਗਾ।