ਬਠਿੰਡਾ : ਪੁਲਿਸ ਨੂੰ ਲੋਡ਼ੀਂਦਾ ਗੈਂਗਸਟਰ ਹਤਸਿਮਰਨਦੀਪ ਉਰਫ ਸਿੰਮਾ ਸ਼ੇਖੋਂ ਉਰਫ ਸਿੰਮਾ ਬਹਿਲ ਨੂੰ ਫਰੀਦਕੋਟ ਪੁਲਸ ਅਤੇ ਦੇਹਰਾਦੂਨ ਪੁਲਸ ਦੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਦੇਹਰਾਦੂਨ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਬਾਰੇ ਪੁਸ਼ਟੀ ਕਰਦੇ ਹੋਏ ਆਈ. ਜੀ. ਬਠਿੰਡਾ ਰੇਂਜ ਐੱਮ. ਐੱਸ. ਛੀਨਾ ਨੇ ਦੱਸਿਆ ਕਿ ਇੰਚਾਰਜ ਸੀ. ਆਈ. ਏ. ਫਰੀਦਕੋਟ ਅਤੇ ਅੰਮ੍ਰਿਤ ਭੱਟੀ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਇਸ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ। ਇਸ ਆਪ੍ਰੇਸ਼ਨ ਨੂੰ ਐੱਸ. ਐੱਸ. ਪੀ. ਫਰੀਦਕੋਟ, ਡਾ. ਨਾਨਕ ਸਿੰਘ ਅਤੇ ਆਈ. ਜੀ. ਪੀ. ਬਠਿੰਡਾ ਜ਼ੋਨ ਮੁਖਵਿੰਦਰ ਸਿੰਘ ਛੀਨਾ ਵੱਲੋਂ ਨੇਡ਼ਿਓਂ ਵਾਚ ਕੀਤਾ ਗਿਆ। ਸਿੰਮਾ ਨੂੰ ਉਸ ਦੇ 3 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੇ ਕਬਜ਼ੇ 'ਚੋਂ 30 ਬੋਰ, 32 ਬੋਰ ਦੀਆਂ ਦੋ ਪਿਸਤੌਲਾਂ ਅਤੇ ਵਰਨਾ ਕਾਰ ਬਰਾਮਦ ਕੀਤੀ ਗਈ ਹੈ। ਆਰਮਜ਼ ਐਕਟ ਅਧੀਨ ਇਕ ਕੇਸ ਉਤਰਾਖੰਡ ਵਿਚ ਪੁਲਸ ਸਟੇਸ਼ਨ ਦੇਹਰਾਦੂਨ ਕੰਟੋਨਮੈਂਟ ਵਿਚ ਦਰਜ ਕੀਤਾ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਉਸ ਨੇ ਬੀਤੇ ਸਾਲ ਫਰੀਦਕੋਟ ਦੇ ਜੈਤੋ ਕਸਬੇ ਦੇ ਇਕ ਰਾਈਸ ਮਿੱਲਰ ਰਵਿੰਦਰ ਕੋਛਡ਼ ਦੀ ਦਿਨ-ਦਿਹਾਡ਼ੇ ਹੱਤਿਆ ਕਰ ਦਿੱਤੀ ਸੀ ਅਤੇ ਉਹ ਭਗੌਡ਼ਾ ਸੀ। ਉਹ ਹੱਤਿਆ ਕਰਨ ਦੇ ਯਤਨ ਅਤੇ ਫਿਰੌਤੀ ਲੈਣ ਦੇ ਬਹੁਤ ਸਾਰੇ ਕੇਸਾਂ ਵਿਚ ਪੁਲਸ ਨੂੰ ਲੋਡ਼ੀਂਦਾ ਸੀ। ਦੋਸ਼ੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਅੱਗੋਂ ਜਾਂਚ-ਪਡ਼ਤਾਲ ਲਈ ਪੰਜਾਬ ਲਿਆਂਦਾ ਜਾਵੇਗਾ।