ਮੁੰਬਈ ਨੇੜੇ ਪਹੁੰਚਿਆ ਕਿਸਾਨਾਂ ਦਾ ਪੈਦਲ ਮਾਰਚ, ਰਾਜ ਠਾਕਰੇ ਨੇ ਦਿਤਾ ਸਮਰਥਨ

ਖਾਸ ਖ਼ਬਰਾਂ

ਮੁੰਬਈ : ਮਹਾਰਾਸ਼ਟਰ ਦੇ ਕਿਸਾਨ ਇਕ ਵਾਰ ਫਿਰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵਿਰੁਧ ਸੜਕਾਂ 'ਤੇ ਉਤਰ ਆਏ ਹਨ। ਕਿਸਾਨ ਕਰਜ਼ਾ ਮੁਆਫ਼ੀ ਸਮੇਤ ਵੱਖ-ਵੱਖ ਮੰਗਾਂ ਸਬੰਧੀ ਵਿਧਾਨ ਸਭਾ ਦਾ ਘਿਰਾਉ ਕਰਨ ਲਈ ਨਾਸਿਕ ਤੋਂ ਚੱਲ ਕੇ ਮੁੰਬਈ ਪਹੁੰਚਣਗੇ। ਫ਼ਿਲਹਾਲ ਕਿਸਾਨਾਂ ਦਾ ਕਾਫ਼ਲਾ ਠਾਣੇ ਦੇ ਆਨੰਦ ਨਗਰ ਤਕ ਪਹੁੰਚ ਚੁਕਾ ਹੈ। ਕਿਸਾਨਾਂ ਦੀ ਇਹ ਸਭਾ ਸੋਮਵਾਰ ਨੂੰ ਮੁੰਬਈ ਪਹੁੰਚ ਜਾਵੇਗੀ। 



ਇਸ ਦੌਰਾਨ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਨੇ ਵੀ ਕਿਸਾਨ ਅੰਦੋਲਨ ਨੂੰ ਅਪਣਾ ਸਮਰਥਨ ਦੇ ਦਿਤਾ ਹੈ। ਇਸ ਤੋਂ ਪਹਿਲਾਂ ਵੀ ਸ਼ਿਵ ਸੈਨਾ ਨੇ ਕਿਸਾਨ ਅੰਦੋਲਨ ਨੂੰ ਅਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਮਹਾਰਾਸ਼ਟਰ 'ਚ ਸ਼ਿਵ ਸੈਨਾ ਅਤੇ ਭਾਜਪਾ ਦਾ ਗਠਜੋੜ ਹੈ ਪਰ ਊਧਵ ਠਾਕਰੇ ਦੀ ਫ਼ੌਜ ਕਿਸਾਨਾਂ ਦੇ ਮੁੱਦੇ 'ਤੇ ਫੜਨਵੀਸ ਸਰਕਾਰ ਦਾ ਘਿਰਾਉ ਕਰਦੀ ਰਹੀ ਹੈ। ਹੁਣ ਕਿਸਾਨਾਂ ਦਾ ਹਮਦਰਦ ਬਣਨ ਦੀ ਕਵਾਇਦ 'ਚ ਮਨਸੇ ਵੀ ਉਤਰ ਗਈ ਹੈ। ਮਨਸੇ ਦਾ ਕਹਿਣਾ ਹੈ ਕਿ ਭਾਜਪਾ ਨੇ ਜੋ ਵਾਅਦਾ ਕੀਤਾ ਸੀ, ਸੱਤਾ 'ਚ ਜਾਣ ਤੋਂ ਬਾਅਦ ਉਹ ਭੁੱਲ ਗਈ।



ਮਹਾਰਾਸ਼ਟਰ ਦੇ ਕਿਸਾਨ ਲੰੰਮੇ ਸਮੇਂ ਤੋਂ ਕਰਜ਼ਾ ਮੁਆਫ਼ੀ ਦੀ ਮੰਗ ਕਰ ਰਹੇ ਹਨ। ਆਲ ਇੰਡੀਆ ਕਿਸਾਨ ਸਭਾ (ਏ.ਆਈ.ਕੇ.ਐਸ.) ਦੇ ਕਰੀਬ 30 ਹਜ਼ਾਰ ਕਿਸਾਨਾਂ ਦਾ ਸਮੂਹ ਪੂਰੇ ਕਰਜ਼ ਮੁਆਫ਼ੀ ਦੀ ਮੰਗ ਨੂੰ ਲੈ ਕੇ ਬੀਤੇ ਮੰਗਲਵਾਰ ਤੋਂ ਪੈਦਲ ਮਾਰਚ ਸ਼ੁਰੂ ਕੀਤਾ ਹੈ। 5 ਮਾਰਚ ਨੂੰ ਨਾਸਿਕ ਦੇ ਸੀ.ਬੀ.ਐਸ. ਚੌਕ ਤੋਂ ਪੈਦਲ ਮਾਰਚ 'ਤੇ ਨਿਕਲੇ ਹਰ ਦਿਨ 30 ਕਿਲੋਮੀਟਰ ਦਾ ਰਸਤਾ ਤੈਅ ਕਰ ਰਹੇ ਹਨ। 



ਇਸ ਮੋਰਚੇ 'ਚ ਨੌਜਵਾਨ, ਬਜ਼ੁਰਗ ਅਤੇ ਔਰਤਾਂ ਵੀ ਸ਼ਾਮਲ ਹਨ। ਸਨਿਚਰਵਾਰ ਨੂੰ ਕਿਸਾਨਾਂ ਦਾ ਪੈਦਲ ਮਾਰਚ ਭਿਵੰਡੀ ਕੋਲ ਪਹੁੰਚ ਗਿਆ। ਸਾਰੇ ਕਿਸਾਨ 12 ਮਾਰਚ ਨੂੰ ਮਹਾਰਾਸ਼ਟਰ ਵਿਧਾਨ ਸਭਾ ਦਾ ਘਿਰਾਉ ਕਰਨਗੇ।