ਚੰਡੀਗੜ੍ਹ : ਭਾਜਪਾ ਦੀ ਪੰਜਾਬ ਇਕਾਈ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਮੀਨ ਖਰੀਦ ਮਾਮਲੇ ਵਿਚ ਉਨ੍ਹਾਂ ਨੂੰ ਕਲੀਨ ਚਿੱਟ ਦਿੰਦੇ ਹੋਏ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਰਾਜਨੀਤਕ ਹਿੱਤ ਭੁਨਾਉਣ ਦੀ ਥਾਂ ਲੋਕ ਹਿੱਤ ਵਿਚ ਰਾਜਨੀਤੀ ਕਰਨ ਦੀ ਨਸੀਹਤ ਦਿੱਤੀ ਹੈ। ਭਾਜਪਾ ਨੇਤਾਵਾਂ ਹਰਜੀਤ ਸਿੰਘ ਗਰੇਵਾਲ ਅਤੇ ਵਿਨੀਤ ਜੋਸ਼ੀ ਦੀ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਲੀਨ ਚਿੱਟ ਦੇ ਰਹੇ ਹੋ।
ਜਦੋਂਕਿ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਇਸ ਮਾਮਲੇ 'ਚ ਜਾਂਚ ਦੀ ਮੰਗ ਕਰ ਚੁੱਕੇ ਹਨ। ਜਵਾਬ ਵਿਚ ਇਨ੍ਹਾਂ ਨੇਤਾਵਾਂ ਨੇ ਕਿਹਾ ਕਿ 14 ਪਿੰਡਾਂ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਪੀ. ਐੱਲ. ਪੀ. ਏ. 1900 ਲਾਉਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਤੱਥਾਂ ਸਹਿਤ ਕਰਨ ਲਈ ਪ੍ਰੈੱਸ ਕਾਨਫਰੰਸ ਬੁਲਾਈ ਗਈ ਸੀ, ਨਾ ਕਿ ਕਿਸੇ ਨੂੰ ਕਲੀਨ ਚਿੱਟ ਦੇਣ ਲਈ।
ਉਨ੍ਹਾਂ ਕਿਹਾ ਕਿ ਅਸੀਂ ਕਿਸੇ ਦੇ ਵਿਰੋਧ ਲਈ ਵਿਰੋਧ ਨਹੀਂ ਕਰਦੇ। ਸੁਖਪਾਲ ਖਹਿਰਾ ਦਾ ਸੁਭਾਅ ਹੈ ਕਿ ਉਹ ਰਾਜਨੀਤਕ ਹਿੱਤਾਂ ਲਈ ਨੇਤਾਵਾਂ ਨਾਲ ਵਿਅਕਤੀਗਤ ਰੰਜਿਸ਼ ਕੱਢਦੇ ਹਨ। ਹੁਣ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਅਹੁਦੇ ਦਾ ਦੁਰਉਪਯੋਗ ਕਰਦੇ ਹੋਏ ਜ਼ਮੀਨ ਖਰੀਦਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਖਹਿਰਾ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਕਿ ਫੋਰੈਸਟ ਲੈਂਡ ਦੀ ਮਲਕੀਅਤ ਹਮੇਸ਼ਾ ਸਰਕਾਰ ਕੋਲ ਹੁੰਦੀ ਹੈ ਅਤੇ ਪੀ. ਐੱਲ. ਪੀ. ਏ. ਅਧੀਨ ਆਉਂਦੀਆਂ ਜ਼ਮੀਨਾਂ ਲੋਕਾਂ ਦੀ ਮਲਕੀਅਤ ਹੈ ਤਾਂ ਉਕਤ ਜ਼ਮੀਨ ਵਣ ਵਿਭਾਗ ਦੀ ਕਿਵੇਂ ਹੋਈ।
ਕੈਪਟਨ ਵੱਲੋਂ ਖਰੀਦੀ ਗਈ ਜ਼ਮੀਨ 2011 ਵਿਚ ਡੀ-ਨੋਟੀਫਾਈ ਹੋ ਗਈ ਸੀ, ਤਾਂ ਉਸ ਵਿਚ ਸਰਕਾਰ ਦਾ ਕੀ ਰੋਲ। ਜੇਕਰ ਉਹ ਜ਼ਮੀਨ ਪੀ. ਐੱਲ. ਪੀ. ਏ. 1900 ਵਿਚ ਆਉਂਦੀ ਵੀ ਹੈ ਤਾਂ ਖਰੀਦਣ ਅਤੇ ਵੇਚਣ 'ਤੇ ਕੋਈ ਰੋਕ ਕਿਥੇ ਹੈ। ਉਨ੍ਹਾਂ ਕਿਹਾ ਕਿ ਖਹਿਰਾ ਵਿਅਕਤੀਗਤ ਮੁੱਦਿਆਂ ਨੂੰ ਚੁੱਕਣ ਦੇ ਨਾਂ 'ਤੇ ਬੀਬੀ ਜਗੀਰ ਕੌਰ, ਸੁਖਬੀਰ ਬਾਦਲ, ਬਿਕਰਮ ਮਜੀਠੀਆ, ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲਾ ਕੇ ਆਪਣੀ ਰਾਜਨੀਤਕ ਖੁੰਦਕ ਕੱਢਦੇ ਰਹਿੰਦੇ ਹਨ।