ਮੂਰਤੀਆਂ ਤੋੜਨ ਦੀਆਂ ਘਟਨਾਵਾਂ ਤੋਂ ਨਰਿੰਦਰ ਮੋਦੀ ਹੋਏ ਖਫਾ

ਨਵੀ ਦਿੱਲੀ : ਦੇਸ਼ ਦੇ ਕਈ ਹਿੱਸਿਆਂ ਵਿਚ ਵੱਖ ਵੱਖ ਸ਼ਖ਼ਸੀਅਤਾਂ ਦੀਆਂ ਮੂਰਤੀਆਂ ਤੋੜਨ ਦੀਆਂ ਘਟਨਾਵਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਫਾ ਹੋਏ ਹਨ। ਪ੍ਰਧਾਨ ਮੰਤਰੀ ਨੇ ਇਨ੍ਹਾਂ ਘਟਨਾਵਾਂ ਨੂੰ ਅਪ੍ਰਵਾਨਯੋਗ ਦੱਸਿਆ ਹੈ। ਉਨ੍ਹਾਂ ਨੇ ਇਸ ਸਬੰਧੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕੀਤੀ ਹੈ ਤੇ ਗ੍ਰਹਿ ਮੰਤਰਾਲਾ ਨੂੰ ਭੰਨ ਤੋੜ ਦੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਨਜਿੱਠਣ ਲਈ ਕਿਹਾ ਹੈ।



ਦੱਸ ਦਈਏ ਕਿ ਦੱਖਣੀ ਤ੍ਰਿਪੁਰਾ ਦੇ ਬੇਲੋਲੀਆ ਜ਼ਿਲ੍ਹੇ 'ਚ ਉਘੇ ਕਮਿਊਨਿਸਟ ਆਗੂ ਵਲਾਦੀਮੀਰ ਲੈਨਿਨ ਦਾ ਬੁੱਤ ਜੇਸੀਬੀ ਮਸ਼ੀਨ ਦੀ ਮਦਦ ਨਾਲ ਡੇਗ ਦਿਤਾ ਗਿਆ ਸੀ। ਸੀਪੀਐਮ ਨੇ ਇਸ ਘਟਨਾ ਲਈ ਭਾਜਪਾ ਕਾਰਕੁਨਾਂ ਨੂੰ ਜ਼ਿੰਮੇਵਾਰ ਦਸਿਆ ਸੀ। ਇਕ ਹੋਰ ਘਟਨਾ ਵਿਚ ਲੈਨਿਨ ਦਾ ਬੁੱਤ ਤੋੜ ਦਿਤਾ ਗਿਆ। 



ਸੀਪੀਐਮ ਦੇ ਜ਼ਿਲ੍ਹਾ ਸਕੱਤਰ ਤਾਪਸ ਦੱਤਾ ਨੇ ਕਿਹਾ ਕਿ ਤ੍ਰਿਪੁਰਾ ਵਿਚ ਸੀਪੀਐਮ ਦੀ ਹਾਰ ਅਤੇ ਭਾਜਪਾ ਦੀ ਜਿੱਤ ਮਗਰੋਂ ਇਥੋਂ ਕਰੀਬ 110 ਕਿਲੋਮੀਟਰ ਦੂਰ ਪੈਂਦੇ ਬੇਲੋਨੀਆ ਵਿਚ ਕਾਲਜ ਦੇ ਵਿਹੜੇ ਵਿਚ ਸਥਾਪਤ ਲੈਨਿਨ ਦੀ ਮੂਰਤੀ ਡੇਗ ਦਿਤੀ ਗਈ।



ਉਨ੍ਹਾਂ ਕਿਹਾ ਕਿ ਭਾਜਪਾ ਕਾਰਕੁਨਾਂ ਨੇ ਪੰਜ ਫ਼ੁਟ ਉੱਚੀ ਮੂਰਤੀ ਨੂੰ ਜੇਸੀਬੀ ਮਸ਼ੀਨ ਨਾਲ ਡੇਗ ਦਿਤਾ ਸੀ। ਕੁੱਝ ਮਹੀਨੇ ਪਹਿਲਾਂ ਪਾਰਟੀ ਪੋਲਿਟ ਬਿਊਰੋ ਮੈਂਬਰ ਪ੍ਰਕਾਸ਼ ਕਰਾਤ ਨੇ ਇਸ ਮੂਰਤੀ ਉਪਰੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ ਸੀ।