ਪਟਿਆਲਾ ਸੀ.ਆਈ.ਏ. ਸਟਾਫ-2 ਰਾਜਪੁਰਾ ਵੱਲੋਂ ਨਾਭਾ ਜੇਲ੍ਹ ਬ੍ਰੇਕ ਵਿੱਚ ਮੁੱਖ ਸਾਜਿਸ਼ ਕਰਤਾ ਵਿੱਕੀ ਗੌਂਡਰ ਦਾ ਸਾਥ ਦੇਣ ਵਾਲੇ ਤਰਨਤਾਰਨ ਪੁਲਿਸ ਦੇ ਬਰਖ਼ਾਸਤ ਕੀਤੇ ਹੋਏ ਸਿਪਾਹੀ ਨੂੰ ਗ੍ਰਿਫਤਾਰ ਕੀਤਾ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਸਾਬਕਾ ਸਿਪਾਹੀ ਮਨਜਿੰਦਰ ਸਿੰਘ ‘ਤੇ ਦੋਸ਼ੀਆਂ ਨੂੰ ਪੁਲਿਸ ਦੀਆਂ ਵਰਦੀਆਂ ਮੁਹੱਈਆ ਕਰਵਾਉਣ ਅਤੇ ਪੁਲਿਸ ਸਿਖਲਾਈ ਦੇਣ ਦੇ ਇਲਜ਼ਾਮ ਹਨ।
ਮਨਜਿੰਦਰ ਸਿੰਘ ਨੇ ਗੈਂਗਸਟਰਾਂ ਨੂੰ ਸਿਖਲਾਈ ਦਿੱਤੀ ਸੀ ਕਿਵੇਂ ਜੇਲ੍ਹ ਦੇ ਅੰਦਰ ਜਾਣਾ ਹੈ ਕਿਵੇਂ ਜਾਅਲੀ ਵਾਰੰਟ ਤਿਆਰ ਕਰਨਾ ਹੈ ਅਤੇ ਜੇਲ ਬ੍ਰੇਕ ਵਾਲੇ ਦਿਨ ਵਰਦੀਆਂ ਵੀ ਇਸੇ ਨੇ ਮੁਹੱਈਆ ਕਰਵਾਈਆਂ ਸਨ। ਇੱਥੋਂ ਤਕ ਕਿ ਸਿਪਾਹੀਆਂ ਨੂੰ ਪੱਗਾਂ ਬੰਨ੍ਹਣ ਦੀ ਬਾਕਾਇਦਾ ਰਿਹਰਸਲ ਵੀ ਕਾਰਵਾਉਂਦਾ ਰਿਹਾ ਹੈ।
ਇਹ ਸਿਪਾਹੀ ਨਸ਼ੇ ਦੀ ਤਸਕਰੀ ਅਤੇ ਲੁੱਟ-ਖੋਹ ਦੇ ਦੋਸ਼ ਲੱਗਣ ਤੋਂ ਬਾਅਦ ਗੈਂਗਸਟਰਾਂ ਦੇ ਸੰਪਰਕ ਵਿੱਚ ਆ ਗਿਆ ਸੀ। ਫਿਰ ਉਸ ਨੇ ਪੁਲਿਸ ਸਟਾਇਲ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।
ਇਸ ਤੋਂ ਬਾਅਦ ਮਨਜਿੰਦਰ ਸਿੰਘ ਵਿੱਕੀ ਗੌਂਡਰ ਦਾ ਸੱਜਾ ਹੱਥ ਬਣ ਗਿਆ ਸੀ। ਉਹ ਗੈਂਗਸਟਰਾਂ ਨੂੰ ਪਹਿਲਾਂ ਹੀ ਸਮਝਾ ਦਿੰਦਾ ਸੀ ਕਿ ਪੁਲਿਸ ਕੀ ਚਾਲ ਚਲੇਗੀ। ਅੱਜ ਸਵੇਰੇ ਰਾਜਪੁਰਾ-ਦਿੱਲੀ ਕੌਮੀ ਸ਼ਾਹਰਾਹ ਤੋਂ ਇੰਟੈਲੀਜੈਂਸ ਦੀ ਇਨਪੁੱਟ ‘ਤੇ ਮਨਜਿੰਦਰ ਸਿੰਘ ਦੀ ਗ੍ਰਿਫਤਾਰੀ ਹੋਈ ਹੈ।