ਨਾਭਾ ਜੇਲ੍ਹ ਬ੍ਰੇਕ ਮਾਮਲੇ 'ਚ ਭਗੌੜੇ ਰੋਮੀ ਨੂੰ ਹਾਂਗਕਾਂਗ ਤੋਂ ਪੰਜਾਬ ਲਿਆਵੇਗੀ ਪੰਜਾਬ ਪੁਲਿਸ

ਪਟਿਆਲਾ : ਨਾਭਾ ਦੀ ਅਤਿ ਸੁਰੱਖਿਆ ਵਾਲੀ ਜੇਲ੍ਹ ਬ੍ਰੇਕ ਮਾਮਲੇ ਵਿਚ ਭਗੌੜਾ ਕਰਾਰ ਦਿੱਤੇ ਗਏ ਖ਼ਾਲਿਸਤਾਨੀ ਸਮਰਥਕ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਤੋਂ ਲਿਆਉਣ ਲਈ ਪਟਿਆਲਾ ਪੁਲਿਸ ਦਸਤਾਵੇਜ਼ ਤਿਆਰ ਕਰ ਰਹੀ ਹੈ। ਦੋ ਹਫ਼ਤੇ ਪਹਿਲਾਂ ਹਾਂਗਕਾਂਗ ਵਿਚ ਗ੍ਰਿਫ਼ਤਾਰ ਹੋਏ ਰੋਮੀ ਨੂੰ ਲਿਆਉਣ ਲਈ ਪਟਿਆਲਾ ਪੁਲਿਸ ਨੇ ਤੁਰੰਤ ਉਥੇ ਅਪੀਲ ਦਾਇਰ ਕਰ ਦਿਤੀ ਸੀ, ਜਿਸ ਨੂੰ ਹਾਂਗਕਾਂਗ ਪੁਲਿਸ ਨੇ ਪ੍ਰਕਿਰਿਆ ਵਿਚ ਲਿਆਂਦਾ ਸੀ।



ਦਸ ਦਿਨ ਦੀ ਲੰਬੀ ਪ੍ਰਕਿਰਿਆ ਤੋਂ ਬਾਅਦ ਹਰੀ ਝੰਡੀ ਮਿਲਦੇ ਹੀ ਪਟਿਆਲਾ ਪੁਲਿਸ ਨੇ ਰੋਮੀ ਨੂੰ ਭਾਰਤ ਲਿਆਉਣ ਲਈ ਕਾਨੂੰਨੀ ਮਾਹਿਰਾਂ ਦੇ ਜ਼ਰੀਏ ਦਸਤਾਵੇਜ਼ ਤਿਆਰ ਕੀਤੇ ਹਨ। ਇਸ ਦੇ ਲਈ ਏਆਈਜੀ ਦੀ ਅਗਵਾਈ ਵਿਚ ਮੀਟਿੰਗ ਹੋਈ ਹੈ। ਐੱਸਪੀ (ਡੀ) ਵਿਰਕ ਨੇ ਕਿਹਾ ਕਿ ਰੋਮੀ ਨੂੰ ਪਟਿਆਲਾ ਲਿਆਉਣ ਲਈ ਕਾਗਜ਼ਾਤ ਬਣ ਚੁਕੇ ਹਨ। ਰੋਮੀ ਨੂੰ ਪੰਜਾਬ ਲਿਆ ਕੇ ਉਸ ਤੋਂ ਨਾਭਾ ਜੇਲ੍ਹ ਬ੍ਰੇਕ ਸਮੇਤ ਹੋਰ ਕਈ ਪਹਿਲੂਆਂ 'ਤੇ ਪੁੱਛਗਿੱਛ ਕਰਨੀ ਹੈ।

ਨਾਭਾ ਜੇਲ੍ਹ ਬ੍ਰੇਕ ਤੋਂ ਬਾਅਦ ਗ੍ਰਹਿ ਮੰਤਰਾਲਾ ਨੇ ਰੋਮੀ ਦੇ ਖਿ਼ਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿਤਾ ਸੀ। ਬਾਵਜੂਦ ਇਸ ਦੇ ਰੋਮੀ ਵਿਦੇਸ਼ ਭੱਜਿਆ ਸੀ। ਇਸ ਸਵਾਲ ਦਾ ਜਵਾਬ ਵੀ ਪੁਲਿਸ ਰੋਮੀ ਨੂੰ ਭਾਰਤ ਲਿਆਉਣ 'ਤੇ ਹਾਸਲ ਕਰੇਗੀ।



ਜੂਨ 2016 ਵਿਚ ਨਾਭਾ ਪੁਲਿਸ ਨੇ ਹਾਂਗਕਾਂਗ ਤੋਂ ਪਰਤੇ ਰਮਨਜੀਤ ਸਿੰਘ ਰੋਮੀ ਨੂੰ 27 ਚਾਈਨੀਜ਼ ਕ੍ਰੈਡਿਟ ਕਾਰਡ, ਦੋ ਡੈਬਿਟ ਕਾਰਡ, 32 ਬੋਰ ਦੀ ਲੋਡਡ ਰਿਵਾਲਵਰ, 9 ਜਿੰਦਾ ਕਾਰਤੂਸ, 32 ਬੋਰ ਦੀ ਪਿਸਤੌਲ, 9 ਜਿੰਦਾ ਕਾਰਤੂਸ, ਇਕ ਨਵੀਂ ਸਕਾਰਪੀਓ ਅਤੇ ਇਕ ਹੌਂਡਾ ਸਿਟੀ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਸੀ। ਰੋਮੀ ਦਾ ਮਕਸਦ ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਨੂੰ ਛੁਡਾਉਣ ਤੋਂ ਬਾਅਦ ਲੋਕਾਂ ਦੇ ਬੈਂਕ ਖ਼ਾਤਿਆਂ ਨੂੰ ਹੈਕ ਕਰ ਕੇ ਇਨ੍ਹਾਂ ਪੈਸਿਆਂ ਨੂੰ ਦਿੱਲੀ ਨਿਵਾਸੀ ਵਿਅਕਤੀ ਦੇ ਟਰੱਸਟ ਦੇ ਖ਼ਾਤੇ ਵਿਚ ਪਾਉਣ ਦਾ ਸੀ।



ਇਨ੍ਹਾਂ ਪੈਸਿਆਂ ਨਾਲ ਗੈਂਗਸਟਰਾਂ ਦੀ ਟੀਮ ਤਿਆਰ ਕਰਨ ਤੋਂ ਇਲਾਵਾ ਜੇਲ੍ਹਾਂ ਵਿਚ ਬੰਦ ਅਪਰਾਧੀਆਂ ਨੂੰ ਛੁਡਾਉਣਾ ਸੀ। ਨਵੰਬਰ 2016 ਵਿਚ ਨਾਭਾ ਜੇਲ੍ਹ ਬ੍ਰੇਕ ਕਰਨ ਲਈ ਮੁਲਜ਼ਮ ਰੋਮੀ ਨੇ ਫ਼ੰਡ ਮੁਹੱਈਆ ਕਰਵਾਇਆ ਸੀ। ਐੱਸਪੀ ਡੀ ਵਿਰਕ ਨੇ ਆਖਿਆ ਕਿ ਰਮਨਜੀਤ ਸਿੰਘ ਰੋਮੀ ਨੂੰ ਪਟਿਆਲਾ ਪੁਲਿਸ ਦੇ ਹਵਾਲੇ ਕਰਨ ਦੇ ਲਈ ਹਾਂਗਕਾਂਗ ਪੁਲਿਸ ਪਹਿਲੇ ਦਿਨ ਤੋਂ ਹੀ ਮਦਦ ਕਰ ਰਹੀ ਹੈ। ਹੁਣ ਰੋਮੀ ਨੂੰ ਪਟਿਆਲਾ ਲਿਆਉਣ ਲਈ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਹਨ, ਜਿਸ ਦੇ ਲਈ ਸੀਨੀਅਰ ਅਫ਼ਸਰਾਂ ਨਾਲ ਚੱਲ ਰਹੀ ਹੈ।