ਨਹਿਰੀ ਵਿਭਾਗ ਦੀ ਲਾਪਰਵਾਹੀ ਕਿਸਾਨਾਂ ਲਈ ਬਣੀ ਵੱਡੀ ਮੁਸ਼ਕਿਲ

ਖਾਸ ਖ਼ਬਰਾਂ

ਮਾਨਸਾ ਸ਼ਹਿਰ ਵਿੱਚ ਦੀ ਲੰਘਦੇ ਮੂਸਾ ਬ੍ਰਾਂਚ ਰਜਵਾਹੇ ਵਿੱਚ 20 ਫੁੱਟ ਦੇ ਕਰੀਬ ਦਰਾਰ ਪੈਣ ਨਾਲ ਪਾਣੀ ਖੇਤਾਂ ਵਿੱਚ ਫੈਲ ਗਿਆ। ਦੁਪਹਿਰ ਇੱਕ ਵਜੇ ਦੇ ਕਰੀਬ ਮਾਨਸਾ ਸ਼ਹਿਰ ਵਿੱਚੋਂ ਲੰਘਦੇ ਮੂਸਾ ਬ੍ਰਾਂਚ ਰਜਵਾਹੇ ਵਿੱਚ ਪਈ ਦਰਾਰ ਨੂੰ ਚਾਰ ਘੰਟੇ ਬੀਤ ਜਾਣ ਤੋਂ ਬਾਅਦ ਵੀ ਪਾਣੀ ਦਾ ਵਹਾਅ ਘੱਟ ਨਾਂ ਹੋਣ ਕਾਰਨ ਦਰਾਰ ਨੂੰ ਭਰਿਆ ਨਹੀ ਜਾ ਸਕਿਆ। 

ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਇਸ ਰਜਵਾਹੇ ਦੀ ਸਫਾਈ ਨਾ ਹੋਣ ਕਾਰਨ ਪਹਿਲਾਂ ਵੀ ਦਰਾਰ ਪੈ ਚੁੱਕੀ ਹੈ ਤੇ ਇਸ ਵਾਰ ਪਈ ਦਰਾਰ ਨਾਲ ਲੱਗਭਗ 500 ਕਿੱਲੇ ਵਿੱਚ ਖੜੀ ਫਸਲ ਪ੍ਰਭਾਵਿਤ ਹੋ ਚੁੱਕੀ ਹੈ ਅਤੇ ਹੋਰ ਵੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਵੱਲੋਂ ਇਸਦੀ ਸਫਾਈ ਵੱਲ ਕੋਈ ਵੀ ਧਿਆਨ ਨਹੀ ਦਿੱਤਾ ਜਾਂਦਾ। ਉਹਨਾਂ ਕਿਹਾ ਕਿ ਰਜਬਾਹੇ ਵਿੱਚੋਂ ਵਹਿ ਰਹੇ ਪਾਣੀ ਨੇ ਸੈਂਕੜੇ ਏਕੜ ਫਸਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ।

ਉੱਧਰ ਮੌਕੇ ਤੇ ਪਹੁੰਚੇ ਮਾਨਸਾ ਦੇ ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ ਨੇ ਕਿਹਾ ਕਿ ਲੋਕਾਂ ਵੱਲੋਂ ਨਹਿਰੀ ਵਿਭਾਗ ਵੱਲੋ ਛੱਡੇ ਮੋਘੇ ਬੰਦ ਕਰ ਦੇਣ ਕਾਰਨ ਪਾਣੀ ਦੀ ਮਾਤਰਾ ਰਜਵਾਹੇ ਵਿੱਚ ਵਧ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਉਹਨਾਂ ਦੱਸਿਆ ਕਿ ਇਸ ਨਾਲ ਕੋਈ ਨੁਕਸਾਨ ਨਹੀ ਹੋਇਆ ਹੈ ਅਤੇ ਪਾਣੀ ਦਾ ਵਹਾਅ ਘੱਟ ਹੋਣ ਤੇ ਇਸ ਦਰਾਰ ਨੂੰ ਭਰ ਦਿੱਤਾ ਜਾਵੇਗਾ।