ਨਸ਼ੀਲੇ ਪਦਾਰਥਾਂ ਦੀ ਵਰਤੋਂ ਰੋਕਣ ਲਈ ਹੋਟਲਾਂ, ਨਾਈਟ ਕਲੱਬਾਂ ਦਾ ਨਰੀਖਣ

ਐਸ.ਏ.ਐਸ. ਨਗਰ, 3 ਨਵੰਬਰ (ਸੁਖਦੀਪ ਸਿੰਘ ਸੋਈ): ਜ਼ਿਲ੍ਹੇ 'ਚ ਹੋਟਲਾਂ, ਨਾਈਟ ਕਲੱਬਾਂ ਵਿਚ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਰੋਕਣ ਲਈ ਵਿੱਢੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਵਲੋਂ ਗਠਤ ਸਿਹਤ ਵਿਭਾਗ ਦੀ ਟੀਮ  ਵੱਲੋਂ ਸ਼ਹਿਰ ਦੇ ਹੋਟਲਾਂ, ਨਾਈਟ ਕਲੱਬਾਂ ਦੀ ਅਚਨਚੇਤੀ ਚੈਕਿੰਗ ਕੀਤੀ ਗਈ ਜਿਸ ਦੀ ਕਾਰਵਾਈ ਦੇਰ ਰਾਤ ਤਕ ਚੱਲੀ। ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦਸਿਆ ਕਿ ਜ਼ਿਲ੍ਹੇ ਵਿਚ ਹੁੱਕਾਂ ਬਾਰਾਂ  'ਤੇ ਪਾਬੰਦੀ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਗਠਤ ਕੀਤੀ ਟੀਮ ਜਿਸ ਵਿਚ ਜ਼ਿਲ੍ਹਾ ਸਿਹਤ ਅਧਿਕਾਰੀ, ਡਿਪਟੀ ਮੈਡੀਕਲ ਕਮਿਸ਼ਨਰ, ਫ਼ੂਡ ਸੇਫ਼ਟੀ ਅਧਿਕਾਰੀ, ਡਰੱਗ ਇੰਸਪੈਕਟਰ ਅਤੇ ਕੋਟਪਾ ਟੀਮ ਦੇ ਮੈਂਬਰ ਸ਼ਾਮਲ ਹਨ, ਵਲੋਂ ਬੀਤੀ ਰਾਤ ਹੋਟਲਾਂ, ਨਾਈਟ ਕਲੱਬਾਂ ਵਿਚ ਜਾ ਕੇ ਜਾਂਚ ਪੜਤਾਲ

ਕੀਤੀ ਗਈ। ਉਨ੍ਹਾਂ ਦਸਿਆ ਕਿ ਫ਼ੇਜ਼-11 ਦੇ ਵਾਕਿੰਗ ਸਟਰੀਟ ਨਾਮੀ ਨਾਈਟ ਕਲੱਬ ਵਿਚੋਂ 2 ਹੁੱਕੇ ਜਿਨ੍ਹਾਂ ਦੀ ਵਰਤੋਂ 'ਤੇ ਮੁਕੰਮਲ ਪਾਬੰਦੀ ਹੈ, ਅਤੇ ਚਾਰਕੋਲ ਦੇ ਦੋ ਪੈਕੇਟ ਬਰਾਮਦ ਕੀਤੇ ਗਏ ਜਿਨ੍ਹਾਂ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ। ਡਾ. ਰੀਟਾ ਭਾਰਦਵਾਜ ਨੇ ਦਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੀ ਹੋਟਲਾਂ ਅਤੇ ਨਾਈਟ ਕਲੱਬਾਂ ਦੀ ਅਚਨਚੇਤੀ ਪੜਤਾਲ ਕੀਤੀ ਜਾਵੇਗੀ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਟੀਮ ਵਿਚ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਰਾਜਵੀਰ ਕੰਗ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਕੇਸ਼ ਸਿੰਗਲਾ, ਫ਼ੂਡ ਸੇਫ਼ਟੀ ਇੰਸਪੈਕਟਰ ਅਨਿਲ ਕੁਮਾਰ, ਡਰੱਗ ਇੰਸਪੈਕਟਰ ਮਨਪ੍ਰੀਤ ਕੌਰ, ਨਵਦੀਪ ਕੌਰ ਸ਼ਾਮਲ ਸਨ।