ਨੌਕਰ ਰੱਖਣ ਲਈ ਇਹ ਸ਼ਰਤ ਪੂਰੀ ਨਾ ਕੀਤੀ ਤਾਂ ਮਿਲੇਗੀ ਕਾਨੂੰਨੀ ਸਜ਼ਾ…

ਖਾਸ ਖ਼ਬਰਾਂ

ਲੁਧਿਆਣਾ : ਪੰਜਾਬ ਦੇ ਸਭ ਤੋਂ ਵੱਡੇ ਸਨਅਤੀ ਸ਼ਹਿਰ ਲੁਧਿਆਣਾ ‘ਚ ਵੱਧ ਰਹੇ ਕਰਾਈਮ ਨੂੰ ਦੇਖਦਿਆਂ ਲੁਧਿਆਣਾ ਪੁਲਿਸ ਕਮਿਸ਼ਨਰ ਆਰ.ਐਨ. ਢੋਕੇ ਨੇ ਲੁਧਿਆਣਾ ਵਾਸੀਆਂ ਨੂੰ ਆਦੇਸ਼ ਜਾਰੀ ਕੀਤੇ ਹਨ। ਜਿਸ ਵਿਚ ਉਨ੍ਹਾਂ ਨੇ ਲੁਧਿਆਣਾ ਸ਼ਹਿਰ ‘ਚ ਵੱਧ ਰਹੇ ਜ਼ੁਲਮ ਨੂੰ ਰੋਕਣ ਲਈ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਲੋਕਾਂ ਦੀ ਪੂਰੀ ਜਾਣਕਾਰੀ ਪੁਲਿਸ ਨੂੰ ਮੁਹੱਈਆ ਕਰਵਾਉਣ ਲਈ ਕਿਹਾ ਹੈ ਜਿਨ੍ਹਾਂ ਨੂੰ ਸ਼ਹਿਰ ਵਾਸੀ ਆਪਣੇ ਘਰਾਂ ‘ਚ ਨੌਕਰ ਵਜੋਂ ਜਾਂ ਰੋਜ਼ ਦੀ ਜ਼ਿੰਦਗੀ ‘ਚ ਕੰਮ ਕਰਵਾਉਣ ਲਈ ਆਪਣੇ ਘਰ ‘ਚ ਰੱਖਦੇ ਹਨ।

ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਲੁਧਿਆਣਾ ਸ਼ਹਿਰ ਵਿਚ ਵੱਡੀ ਮਾਤਰਾ ‘ਚ ਲੋਕ ਬਾਹਰਲੇ ਸੂਬਿਆਂ ਤੋਂ ਆ ਕੇ ਵੱਸੇ ਹੋਏ ਹਨ ਅਤੇ ਵੱਖ ਵੱਖ ਉਦਯੋਗਿਕ ਇਕਾਈਆਂ ਅਤੇ ਵਿੱਤੀ ਅਦਾਰਿਆਂ ਵਿਚ ਕੰਮ ਕਰਦੇ ਹਨ ਅਤੇ ਕੁਝ ਲੋਕ ਘਰੇਲੂ ਕੰਮ ਕਾਜ ਵਿਚ ਵੀ ਹੱਥ ਵਟਾਉਂਦੇ ਹਨ। ਅਜਿਹੇ ਲੋਕਾਂ ਵਿਚੋਂ ਕੁਝ ਲੋਕ ਜਾਣਕਾਰੀ ਹਾਸਲ ਕਰਦੇ ਅਤੇ ਮੌਕੇ ਦਾ ਫਾਇਦਾ ਉਠਾ ਕੇ ਲੁੱਟ ਮਾਰ ਕਰ ਲੈਂਦੇ ਹਨ ਅਤੇ ਕਈ ਵਾਰ ਮਾਲਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੌਣੇ ਪੈਂਦੇ ਹਨ ਜਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਂਦੇ ਹਨ ਜਿਸ ਨਾਲ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ।