ਨੀਰਵ ਮੋਦੀ ਨੇ ਕਰਜ਼ਾ ਮੋੜਨ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 20 ਫ਼ਰਵਰੀ : ਪੀਐਨਬੀ ਬੈਂਕ ਘਪਲੇ ਦੇ ਮੁਲਜ਼ਮ ਨੀਰਵ ਮੋਦੀ ਨੇ ਬੈਂਕ ਨੂੰ ਲਿਖੀ ਚਿੱਠੀ ਵਿਚ ਕਰਜ਼ਾ ਮੋੜਨ ਤੋਂ ਸਾਫ਼ ਇਨਕਾਰ ਕਰ ਦਿਤਾ ਹੈ। ਉਲਟਾ ਉਸ ਨੇ ਬੈਂਕ ਵਿਰੁਧ ਹੀ ਉਸ ਦੀ ਕੰਪਨੀ ਅਤੇ ਬ੍ਰਾਂਡ ਦਾ ਨਾਮ ਖ਼ਰਾਬ ਕਰਨ ਦਾ ਦੋਸ਼ ਲਾਇਆ ਹੈ। ਇਹ ਚਿੱਠੀ15 ਫ਼ਰਵਰੀ ਨੂੰ ਪੀਐਨਬੀ ਨੂੰ ਭੇਜੀ ਗਈ ਸੀ। ਚਿੱਠੀ ਵਿਚ ਉਹ ਬੈਂਕ ਨੂੰ ਲਿਖਦਾ ਹੈ, 'ਤੁਹਾਡੀਆਂ  ਕਾਰਵਾਈਆਂ ਨੇ ਮੇਰਾ ਬ੍ਰਾਂਡ ਤਬਾਹ ਕਰ ਦਿਤਾ ਹੈ ਅਤੇ ਸਾਰਾ ਕਰਜ਼ਾ ਵਾਸਪ ਲੈਣ ਦੀ ਤੁਹਾਡੀ ਸਮਰੱਥਾ ਨੂੰ ਸੀਮਤ ਕਰ ਦਿਤਾ ਹੈ। ਤੁਹਾਡੇ ਅਤਿਅੰਤ ਜੋਸ਼ ਨੇ ਸਤਿਆਨਾਸ ਕਰ ਦਿਤਾ ਹੈ।'ਉਸ ਨੇ ਇਹ ਵੀ ਕਿਹਾ ਕਿ ਜਿੰਨੇ ਕਰਜ਼ੇ ਦੀ ਬੈਂਕ ਗੱਲ ਕਰ ਰਿਹਾ ਹੈ, 

ਉਸ ਤੋਂ ਕਿਤੇ ਘੱਟ ਕਰਜ਼ਾ ਬਣਦਾ ਹੈ। ਉਸ ਨੇ ਕਿਹਾ ਕਿ ਸੀਬੀਆਈ ਦੁਆਰਾ ਦਰਜ ਕੇਸਾਂ ਵਿਚ ਨਾਮਜ਼ਦ ਕੀਤੇ ਗਏ ਉਸ ਦੇ ਰਿਸ਼ਤੇਦਾਰਾਂ ਦਾ ਉਸ ਦੀ ਫ਼ਰਮ ਨਾਲ ਕੋਈ ਲੈਣਾ-ਦੇਣਾ ਨਹੀਂ। ਉਸ ਨੇ ਕਿਹਾ ਕਿ ਉਸ ਦੀਆਂ ਕੰਪਨੀਆਂ ਨੇ ਬੈਂਕ ਦਾ ਪੰਜ ਹਜ਼ਾਰ ਕਰੋੜ ਤੋਂ ਘੱਟ ਕਰਜ਼ਾ ਦੇਣਾ ਹੈ। ਬੈਂਕ ਨੇ ਜੋਸ਼ ਵਿਚ ਉਸ ਦੁਆਰਾ ਮੋੜੇ ਜਾਣ ਵਾਲੇ ਕਰਜ਼ੇ ਬਾਰੇ ਗ਼ਲਤ ਬਿਆਨੀ ਕਰ ਦਿਤੀ ਜਿਸ ਕਾਰਨ ਮੀਡੀਆ ਵਿਚ ਰੌਲਾ ਪੈ ਗਿਆ ਤੇ ਉਸ ਦੀਆਂ ਕੰਪਨੀਆਂ 'ਤੇ ਛਾਪੇ ਮਾਰੇ ਗਏ।  ਇੰਜ ਕਰਜ਼ਾ ਮੋੜਨ ਦੀ ਸਾਡੀ ਸਮਰੱਥਾ ਖ਼ਤਰੇ ਵਿਚ ਪੈ ਗਈ। ਉਸ ਨੇ ਕਿਹਾ, 'ਮੈਂ ਤੁਹਾਨੂੰ 13 ਫ਼ਰਵਰੀ ਨੂੰ ਪੇਸ਼ਕਸ਼ ਵੀ ਕੀਤੀ ਸੀ ਪਰ ਤੁਹਾਡੀਆਂ ਕਾਰਵਾਈਆਂ ਨੇ ਮੇਰੇ ਬ੍ਰਾਂਡ ਅਤੇ ਕਾਰੋਬਾਰ ਨੂੰ ਖ਼ਤਰੇ ਵਿਚ ਪਾ ਦਿਤਾ ਹੈ ਅਤੇ ਹੁਣ ਮੇਰੇ ਕੋਲੋਂ ਕਰਜ਼ਾ ਵਾਪਸ ਲੈਣ ਦੀ ਤੁਹਾਡੀ ਸਮਰੱਥਾ ਵੀ ਸੀਮਤ ਹੋ ਗਈ ਹੈ।' (ਏਜੰਸੀ)