ਨਵੀਂ ਦਿੱਲੀ, 22 ਜਨਵਰੀ: ਨੋਟਬੰਦੀ ਦੌਰਾਨ 20 ਲੱਖ ਤੋਂ ਜ਼ਿਆਦਾ ਕੈਸ਼ ਅਪਣੇ ਖ਼ਾਤੇ 'ਚ ਜਮ੍ਹਾਂ ਕਰਵਾਉਦ ਵਾਲਿਆਂ 'ਤੇ ਕੇਂਦਰ ਸਰਕਾਰ ਨੇ ਨਕੇਲ ਕਸ ਦਿਤੀ ਹੈ। ਸਰਕਾਰ ਨੇ ਵੈਸੇ 2 ਲੱਖ ਲੋਕਾਂ ਨੂੰ ਨੋਟਿਸ ਭੇਜਿਆ ਹੈ, ਜਿਨ੍ਹਾਂ ਨੇ ਨੋਟਬੰਦੀ ਤੋਂ ਬਾਅਦ 20 ਲੱਖ ਤੋਂ ਜ਼ਿਆਦਾ ਰੁਪਏ ਬੈਂਕਾਂ 'ਚ ਜਮ੍ਹਾਂ ਕਰਵਾਏ ਸਨ। ਇਹ ਨੋਟਿਸ ਉਨ੍ਹਾਂ ਨੂੰ ਭੇਜਿਆ ਗਿਆ ਹੈ, ਜਿਨ੍ਹਾਂ ਨੇ 20 ਲੱਖ ਰੁਪਏ ਜਮ੍ਹਾਂ ਕਰਵਾਉਣ ਤੋਂ ਬਾਅਦ ਟੈਕਸ ਡਿਪਾਰਟਮੈਂਟ ਦੇ ਸਵਾਲਾਂ ਦਾ ਜਵਾਬ ਨਹੀਂ ਦਿਤਾ ਅਤੇ ਨਾ ਹੀ ਟੈਕਸ ਰੀਟਰਨ ਫ਼ਾਈਲ ਕੀਤੀ। ਹੇਰਾਫ਼ੇਰੀ ਕਰਨ ਵਾਲੇ ਟੈਕਸ ਅਦਾਕਰਤਾਵਾਂ ਦੀ ਪੜਤਾਲ 'ਚ ਨਿਯਮਾਂ ਦਾ ਪਾਲਣ ਨਾ ਕਰਦਿਆਂ ਫੜੇ ਜਾਣ ਵਾਲਿਆਂ 'ਤੇ ਕਾਰਵਾਈ ਕਰਨਾ ਇਨਕਮ ਟੈਕਸ ਵਿਭਾਗ (ਸੀ.ਬੀ.ਡੀ.ਟੀ.) ਦੀ ਇਸ ਸਾਲ ਦਾ ਇਕ ਮਹੱਤਵਪੂਰਨ ਕੰਮ ਹੈ। ਇਸ ਤਹਿਤ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਜ਼ ਸਮੁਚੇ ਦੇਸ਼ 'ਚ ਛਾਪੇ ਮਾਰ ਰਿਹਾ ਹੈ ਤਾਂ ਕਿ ਨੋਟਬੰਦੀ 'ਚ ਹੁਸ਼ਿਆਰੀ ਕਰਨ ਵਾਲੇ ਬੇਫ਼ਿਕਰ ਹੋ ਕੇ ਘੁੰਮਦੇ ਨਾ ਫ਼ਿਰਨ।