ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਵਰਤੇ ਜਾ ਰਹੇ ਹਨ ਪਲਾਸਟਿਕ ਦੇ ਲਿਫ਼ਾਫੇ

ਖਾਸ ਖ਼ਬਰਾਂ

ਜ਼ੀਰਕਪੁਰ, 20 ਦਸੰਬਰ (ਐੱਸ ਅਗਨੀਹੋਤਰੀ) : ਸਰਕਾਰ ਅਤੇ ਹਾਈਕੋਰਟ ਵਲੋਂ ਪਲਾਸਟਿਕ ਦੇ ਲਿਫਾਫਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਬਾਵਜੂਦ ਜ਼ੀਰਕਪੁਰ ਖੇਤਰ ਵਿਚ ਸ਼ਰੇਆਮ ਇਨ੍ਹਾਂ ਲਿਫਾਫਿਆਂ ਦੀ ਧੜੱਲੇ ਨਾਲ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਹਾਲਤ ਇਹ ਹੈ ਕਿ ਖੇਤਰ ਦੀਆਂ ਹਰ ਛੋÎਟੀਆਂ-ਵੱਡੀਆਂ ਦੁਕਾਨਾਂ 'ਤੇ ਪਲਾਸਟਿਕ ਦੇ ਲਿਫਾਫਿਆਂ ਵਿਚ ਹੀ ਸਮਾਨ ਮਿਲ ਰਿਹਾ ਹੈ।ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਨਗਰ ਕੌਂਸਲ, ਐਸਡੀਐਮ, ਪ੍ਰਦੂਸ਼ਣ ਕੰਟਰੋਲ ਦੇ ਅਧਿਕਾਰੀ, ਤਹਿਸੀਲਦਾਰਾਂ ਅਤੇ ਹੋਰਨਾਂ ਸਰਕਾਰੀ ਅਦਾਰਿਆਂ ਨੂੰ ਹਦਾਇਤਾਂ ਦਿਤਿਆਂ ਗਈਆਂ ਹਨ ਕਿ ਲਗਾਤਾਰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਤੇ ਪਾਬੰਧੀ ਲਗਾਉਣ ਸਬੰਧੀ ਦੁਕਾਨਾਂ ਅਤੇ ਦੂਜੇ ਅਦਾਰਿਆਂ ਦੀ ਚੈਕਿੰਗ ਕਰਨ ਅਤੇ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁਧ ਕਾਰਵਾਈ ਕਰਨ। ਇਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਮੇਂ ਸਮੇਂ ਸਿਰ ਹਦਾਇਤਾਂ ਨਾ ਪਾਲਣ ਕਰਨ ਵਾਲਿਆਂ ਦਾ ਚਲਾਨ ਕਰਨ ਤਾਂਕਿ ਬਾਕੀ ਦੁਕਾਨਦਾਰਾਂ ਵਿਚ ਵੀ ਇਸਦਾ ਭੈਅ ਬਣਿਆ ਰਹੇ। ਜਾਣਕਾਰੀ ਮੁਤਾਬਕ ਇਨ੍ਹਾਂ ਅਧਿਕਾਰੀਆਂ ਵਲੋਂ ਕੁਝ ਸਮਾਂ ਤਾਂ ਸਖਤੀ ਬਰਤੀ ਗਈ ਅਤੇ ਚਲਾਨ ਕੀਤੇ ਗਏ ਪਰ ਹੁਣ ਇਹ ਕਾਰਵਾਈ ਕੇਵਲ ਕਾਗਜਾਂ ਤਕ ਹੀ ਸੀਮਿਤ ਰਹਿ ਗਈ ਹੈ।