ਚੰਡੀਗੜ੍ਹ, 1 ਜਨਵਰੀ (ਨੀਲ ਭਲਿੰਦਰ ਸਿੰਘ): ਡੇਰਾ ਸਿਰਸਾ ਮੁਖੀ ਰਾਮ ਰਹੀਮ (ਸੌਦਾ ਸਾਧ) ਨੂੰ ਬੀਤੇ ਅਗੱਸਤ ਮਹੀਨੇ ਬਲਾਤਕਾਰ ਦੇ ਦੋਸ਼ਾਂ ਤਹਿਤ ਦੋਸ਼ੀ ਠਹਿਰਾਏ ਜਾਣ ਮੌਕੇ ਪੰਚਕੂਲਾ ਅਤੇ ਕਈ ਹੋਰਨਾਂ ਇਲਾਕਿਆਂ ਵਿਚ ਵੱਡੇ ਪੈਮਾਨੇ 'ਤੇ ਫੈਲੀ ਹਿੰਸਾ ਪਿੱਛੇ ਟੋਹ ਲਾਉਣ ਦੀ ਕਵਾਇਦ ਹੋਰ ਪੀਡੀ ਕਰ ਦਿਤੀ ਗਈ ਹੈ।
ਹਰਿਆਣਾ ਪੁਲਿਸ ਦੀ ਜਾਂਚ ਟੀਮ ਨੇ ਇਸ ਹਿੰਸਾ ਪਿੱਛੇ ਜ਼ਿੰਮੇਵਾਰੀ ਤੈਅ ਕਰਨ ਲਈ ਹੁਣ ਲਗਭਗ ਸਿੱਧਾ ਸੌਦਾ ਸਾਧ ਦੇ ਗਲਮੇ ਨੂੰ ਹੀ ਹੱਥ ਪਾ ਲਿਆ ਹੈ। ਪੰਚਕੂਲਾ ਦੇ ਪੁਲਿਸ ਕਮਿਸ਼ਨਰ ਸ. ਏ.ਐਸ. ਚਾਵਲਾ ਨੇ ਇਸ ਬਾਰੇ 'ਰੋਜ਼ਾਨਾ ਸਪੋਕਸਮੈਨ' ਵਲੋਂ ਪੁਛੇ ਜਾਣ ਉਤੇ ਪੁਸ਼ਟੀ ਕੀਤੀ ਕਿ ਹਿੰਸਾ ਪਿੱਛੇ ਸਾਜ਼ਸ਼ ਦੀ ਜਾਂਚ ਹਿਤ ਡੇਰਾ ਮੁਖੀ ਕੋਲੋਂ ਰੋਹਤਕ ਦੀ ਸੁਨਾਰੀਆ ਜੇਲ ਵਿਚ ਹੀ ਪੁਛਗਿੱਛ ਦਾ ਪਹਿਲਾਂ ਰਾਊਂਡ ਪੂਰਾ ਕਰ ਲਿਆ ਗਿਆ ਹੈ। ਜਿਉਂ ਜਿਉਂ ਜਾਂਚ ਮੁਕੰਮਲ ਹੋਣ ਵਲ ਵਧ ਰਹੀ ਹੈ ਤਿਉਂ-ਤਿਉਂ ਪੁਛਗਿਛ ਦਾ ਸਿਲਸਿਲਾ ਵੀ ਵਧ ਰਿਹਾ ਹੈ। ਸ. ਚਾਵਲਾ ਨੇ ਇਹ ਵੀ ਪੁਸ਼ਟੀ ਕੀਤੀ ਕਿ ਡੇਰਾ ਮੁਖੀ ਦੇ ਕੁੜਮ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਕੋਲੋਂ ਪੁਛਗਿਛ ਹਿਤ ਪਹਿਲਾਂ 30 ਦਸੰਬਰ (2017) ਵਾਸਤੇ ਸੰਮਨ ਘਲੇ ਗਏ ਸਨ ਪਰ ਬਾਅਦ ਵਿਚ ਜੱਸੀ ਨੇ ਨਿਜੀ ਰੁਝੇਵਿਆਂ ਕਾਰਨ ਤਰੀਕ ਟਾਲਣ ਦੀ ਬੇਨਤੀ ਕੀਤੀ ਸੀ ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ ਅਤੇ ਹੁਣ ਜੱਸੀ ਨੂੰ ਤਿੰਨ ਜਨਵਰੀ ਨੂੰ ਪੰਚਕੂਲਾ ਪੇਸ਼ ਹੋਣ ਦੀ ਤਾਕੀਦ ਕੀਤੀ ਗਈ ਹੈ। ਉਧਰ ਭਰੋਸੇਯੋਗ ਸੂਤਰਾਂ ਮੁਤਾਬਕ ਹਰਿਆਣਾ ਪੁਲਿਸ ਦੀ ਇਸ ਕੇਸ ਵਿਚ ਗਠਤ ਵਿਸ਼ੇਸ਼ ਜਾਂਚ ਟੀਮ ਜਲਦ ਹੀ ਡੇਰਾ ਮੁਖੀ ਕੋਲੋਂ ਅਗਲੇਰੀ ਪੁਛਗਿਛ ਹਿਤ ਸੁਨਾਰੀਆ ਜੇਲ ਜਾਵੇਗੀ।
ਮੰਨਿਆ ਜਾ ਰਿਹਾ ਹੈ ਕਿ ਇਸ ਹਿੰਸਾ ਲਈ ਪਹਿਲਾਂ ਹੀ ਡੇਰਾ ਪ੍ਰਬੰਧਕਾਂ ਹਨੀਪ੍ਰੀਤ, ਆਦਿਤਿਆ ਹਿੰਸਾ, ਚਮਕੌਰ ਸਿੰਘ ਆਦਿ ਨੂੰ ਨਾਮਜ਼ਦ ਕਰ ਚੁਕੀ ਜਾਂਚ ਟੀਮ ਡੇਰਾ ਮੁਖੀ ਨੂੰ ਵੀ ਮੁੱਖਘੜਤਾ ਵਜੋਂ ਇਸ ਹਿੰਸਾ ਕੇਸ ਵਿਚ ਵੀ ਨਾਮਜ਼ਦ ਕਰਨ ਦੀ ਤਿਆਰੀ ਵਿਚ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸੌਦਾ ਸਾਧ ਦੀਆਂ ਮੁਸ਼ਕਲਾਂ ਵਿਚ ਵਾਧਾ ਹੋਣਾ ਸੰਭਵ ਹੈ ਕਿਉਂਕਿ ਸਾਧ ਪਹਿਲਾਂ ਹੀ ਦੋ ਵੱਖ-ਵੱਖ ਕਤਲ ਕੇਸਾਂ, ਮਰਦ ਸਾਧੂਆਂ ਨੂੰ ਜਬਰੀ ਨਿਪੁੰਸਕ ਬਣਾਉਣ ਆਦਿ ਜਿਹੇ ਸੰਗੀਨ ਦੋਸ਼ਾਂ ਤਹਿਤ ਅਦਾਲਤੀ ਚਾਰਾਜੋਈਆਂ ਦਾ ਸਾਹਮਣਾ ਤਾਂ ਕਰ ਹੀ ਰਿਹਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਡੇਰੇ ਦੇ ਪ੍ਰਮੁੱਖ ਬੁਲਾਰੇ ਆਦਿਤਿਆ ਹਿੰਸਾ ਦੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੋਣ ਨੂੰ ਵੀ ਪੁਲਿਸ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਆਦਿਤਿਆ ਵਿਰੁਧ ਐਲਾਨੇ ਇਨਾਮ ਦੀ ਰਾਸ਼ੀ ਵੀ ਵਧਾਈ ਜਾ ਚੁਕੀ ਹੈ। ਇਸ ਤੋਂ ਵੀ ਅਹਿਮ ਹੈ ਕਿ ਜਾਂਚ ਟੀਮ ਪੰਚਕੂਲਾ ਵਿਚ ਸਾਧ ਦੀ ਪੇਸ਼ੀ ਤੋਂ ਪਹਿਲਾਂ ਸਿਰਸਾ ਹੈੱਡ ਕੁਆਰਟਰ ਵਿਚ ਹੋਈ ਮੰਨੀ ਜਾਂਦੀ ਅੰਦਰੂਨੀ ਬੈਠਕ ਦੇ ਵੇਰਵੇ ਜਾਣਨਾ ਚਾਹੁੰਦੀ ਹੈ ਤੇ ਇਸ ਮੀਟਿੰਗ ਵਿਚ ਡੇਰਾ ਮੁਖੀ ਦੀ ਹਾਜ਼ਰੀ ਬਾਰੇ ਪੁਖ਼ਤਾ ਸਬੂਤ ਫੜਨ 'ਤੇ ਜ਼ੋਰ ਦਿਤਾ ਜਾ ਰਿਹਾ ਹੈ ਤਾਂ ਜੋ ਉਸ ਨੂੰ ਇਸ ਕੇਸ ਵਿਚ ਹੀ ਅਦਾਲਤ ਮੂਹਰੇ ਦੋਸ਼ੀਆਂ ਦੀ ਸੂਚੀ ਵਿਚ ਪੇਸ਼ ਕੀਤਾ ਜਾ ਸਕੇ। ਜਾਣਕਾਰੀ ਮੁਤਾਬਕ ਇਨ੍ਹਾਂ ਪੁਖ਼ਤਗੀਆਂ ਹਿਤ ਪਹਿਲਾਂ ਹੀ ਡੇਰੇ ਦੀ ਮੌਜੂਦਾ ਅਧਿਕਾਰਤ ਪ੍ਰਬੰਧਕ ਵਿਪਸਨਾ ਤੋਂ ਵੀ ਪੁਛਗਿਛ ਦੀ ਤਿਆਰੀ ਕਰ ਲਈ ਗਈ ਹੈ।