ਪੈਟਰੋਲ - ਡੀਜ਼ਲ ਦੀਆਂ ਕੀਮਤਾਂ ਤੇ ਮੋਦੀ ਸਰਕਾਰ ਦਾ ਆਮ ਜਨਤਾ ਨੂੰ 'ਰਿਟਰਨ ਗਿਫਟ'

ਖਾਸ ਖ਼ਬਰਾਂ

ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਅਸੈਂਬਲੀ ਚੋਣਾਂ ਵਿਚ ਜਿੱਤ ਦੇ ਮਿਲਦਿਆਂ ਹੀ ਕੇਂਦਰ ਦੀ ਮੋਦੀ ਸਰਕਾਰ ਨੇ ਲੋਕਾਂ ਨੂੰ ਮਹਿੰਗੇ ਪੈਟਰੋਲ ਅਤੇ ਡੀਜ਼ਲ ਦਾ ਰਿਟਰਨ ਗਿਫਟ ਦਿੱਤਾ ਹੈ। ਇਨ੍ਹਾਂ ਦੋਵਾਂ ਸੂਬਿਆਂ 'ਚ ਚੋਣਾਂ ਦੇ ਨਤੀਜੇ 14 ਦਸੰਬਰ ਨੂੰ ਆਏ ਸਨ ਅਤੇ ਨਤੀਜਿਆਂ ਤੋਂ 48 ਦਿਨਾਂ ਦੇ ਅੰਦਰ ਹੀ ਦਿੱਲੀ 'ਚ ਪੈਟਰੋਲ ਦੀ ਕੀਮਤ 3 ਰੁਪਏ 85 ਪੈਸੇ ਪ੍ਰਤੀ ਲੀਟਰ ਵਧ ਗਈ ਹੈ।
ਦਿੱਲੀ ਵਿਚ 31 ਜਨਵਰੀ ਨੂੰ ਪੈਟਰੋਲ ਦੀ ਕੀਮਤ 72 ਰੁਪਏ 92 ਪੈਸੇ ਪ੍ਰਤੀ ਲੀਟਰ ਸੀ ਜਦਕਿ 14 ਦਸੰਬਰ ਨੂੰ ਇਹ ਕੀਮਤ 69 ਰੁਪਏ 07 ਪੈਸੇ ਸੀ।

 ਡੀਜ਼ਲ ਦੀ ਕੀਮਤ ਵਿਚ ਵੀ 5 ਰੁਪਏ 67 ਪੈਸੇ ਪ੍ਰਤੀ ਲੀਟਰ ਦੀ ਵਾਧਾ ਹੋਇਆ ਹੈ। ਦਿੱਲੀ 'ਚ ਬੁੱਧਵਾਰ ਡੀਜ਼ਲ ਦੀ ਕੀਮਤ 64 ਰੁਪਏ ਪ੍ਰਤੀ ਲੀਟਰ ਸੀ ਜਦਕਿ 14 ਦਸੰਬਰ ਨੂੰ ਇਹ 58 ਰੁਪਏ 33 ਪੈਸੇ ਪ੍ਰਤੀ ਲੀਟਰ ਸੀ। ਪੰਜਾਬ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ ਦੀ ਕੀਮਤ 'ਚ 4 ਰੁਪਏ ਅਤੇ ਡੀਜ਼ਲ ਦੀ ਕੀਮਤ 'ਚ 6 ਰੁਪਏ ਪ੍ਰਤੀ ਲੀਟਰ ਤੋਂ ਵੀ ਵੱਧ ਦਾ ਵਾਧਾ ਹੋਇਆ ਹੈ।

ਚੋਣ ਕਮਿਸ਼ਨ ਨੇ 25 ਅਕਤੂਬਰ ਨੂੰ ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਸੀ। ਜਿਸ ਦਿਨ ਇਹ ਐਲਾਨ ਹੋਇਆ ਸੀ, ਉਸ ਸਮੇਂ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 52.15 ਡਾਲਰ ਪ੍ਰਤੀ ਬੈਰਲ ਸੀ। 14 ਦਸੰਬਰ ਭਾਵ ਚੋਣ ਨਤੀਜਿਆਂ ਵਾਲੇ ਦਿਨ ਇਹ ਕੀਮਤ 57.06 ਪ੍ਰਤੀ ਬੈਰਲ ਸੀ। 

ਇਸ ਦੇ ਬਾਵਜੂਦ ਪੈਟਰੋਲ 'ਤੇ ਡੀਜ਼ਲ ਦੀਆਂ ਕੀਮਤਾਂ 'ਚ ਮਾਮੂਲੀ ਵਾਧਾ ਕੀਤਾ ਗਿਆ। ਉਕਤ 51 ਦਿਨਾਂ ਦੌਰਾਨ ਪੈਟਰੋਲ ਸਿਰਫ 45 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਸੀ ਅਤੇ ਡੀਜ਼ਲ ਦੀ ਕੀਮਤ 1 ਰੁਪਏ 18 ਪੈਸੇ ਲੀਟਰ ਵਧਾਈ ਗਈ ਸੀ। ਜਿਵੇਂ ਹੀ ਚੋਣਾਂ ਦੇ ਨਤੀਜੇ ਆਏ, ਤੇਲ ਕੰਪਨੀਆਂ ਨੇ ਰੋਜ਼ਾਨਾ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ।