ਪੈਟਰੋਲ ਤੇ ਡੀਜ਼ਲ ਹੋਇਆ ਮਹਿੰਗਾ, ਜਾਣੋ ਕਿੰਨੇ ਵਧੇ ਰੇਟ

ਖਾਸ ਖ਼ਬਰਾਂ

ਜਲੰਧਰ: ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਦਿਨ ਬਦਲਦੀਆਂ ਰਹਿੰਦੀਆਂ ਹਨ। ਜੁਲਾਈ ਤੋਂ ਬਾਅਦ ਪੈਟਰੋਲ 5 ਰੁਪਏ ਅਤੇ ਡੀਜ਼ਲ 3.31 ਰੁਪਏ ਮਹਿੰਗਾ ਹੋ ਚੁੱਕਾ ਹੈ। 30 ਜੁਲਾਈ ਨੂੰ ਜਲੰਧਰ ਦੇ ਇੰਡੀਅਨ ਆਇਲ ਪੈਟਰੋਲ ਪੰਪ 'ਤੇ ਪੈਟਰੋਲ ਦੀ ਕੀਮਤ 69.90 ਰੁਪਏ ਪ੍ਰਤੀ ਲੀਟਰ ਸੀ, ਜੋ 12 ਸਤੰਬਰ 2017 ਤੱਕ 5.50 ਰੁਪਏ ਵੱਧ ਕੇ 75.40 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ। 

ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 12 ਸਤੰਬਰ ਨੂੰ 58.79 ਰੁਪਏ ਦਰਜ ਕੀਤੀ ਗਈ, ਜੋ 30 ਜੁਲਾਈ ਨੂੰ 55.48 ਰੁਪਏ ਪ੍ਰਤੀ ਲੀਟਰ ਸੀ, ਯਾਨੀ ਡੀਜ਼ਲ 3 ਰੁਪਏ 31 ਪੈਸੇ ਮਹਿੰਗਾ ਹੋਇਆ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹਰ ਰੋਜ਼ ਹੋ ਰਹੇ ਬਦਲਾਅ ਕਾਰਨ ਲੋਕਾਂ ਦਾ ਇਸ ਵੱਲ ਧਿਆਨ ਨਹੀਂ ਗਿਆ। ਪੈਟਰੋਲੀਅਮ ਕੰਪਨੀਆਂ ਨੂੰ ਇਸ ਨਾਲ ਰਾਹਤ ਮਹਿਸੂਸ ਹੋ ਰਹੀ ਹੈ ਕਿਉਂਕਿ ਇਸ 'ਤੇ ਹੋਣ ਵਾਲੀ ਰਾਜਨੀਤੀ ਖਤਮ ਹੋ ਗਈ ਹੈ। 

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਕੌਮਾਂਤਰੀ ਬਾਜ਼ਾਰ ਦੇ ਹਿਸਾਬ ਨਾਲ ਨਿਰਧਾਰਤ ਕੀਤੀਆਂ ਜਾ ਰਹੀਆਂ ਹਨ। ਕੌਮਾਂਤਰੀ ਬਾਜ਼ਾਰ 'ਚ ਰੁਪਏ ਦੀ ਸਥਿਤੀ ਮਜ਼ਬੂਤ ਹੋਣ ਅਤੇ ਕੱਚੇ ਤੇਲ ਦੀ ਕੀਮਤ ਘਟਣ 'ਤੇ ਦੇਸ਼ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਜਾਂਦੀ ਹੈ, ਜਦੋਂ ਕਿ ਕੱਚੇ ਤੇਲ 'ਚ ਤੇਜ਼ੀ ਆਉਣ 'ਤੇ ਪੈਟਰੋਲ-ਡੀਜ਼ਲ ਵੀ ਮਹਿੰਗਾ ਹੋ ਜਾਂਦਾ ਹੈ। ਹਾਲਾਂਕਿ ਦੇਸ਼ ਭਰ 'ਚ ਪੈਟਰੋਲ ਦੀਆਂ ਕੀਮਤਾਂ ਜ਼ਿਆਦਾਤਰ ਵਧੀਆਂ ਹੀ ਹਨ।

ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ 30 ਜੁਲਾਈ ਨੂੰ 65 ਰੁਪਏ ਦਾ ਰਿਹਾ ਪੈਟਰੋਲ 12 ਸਤੰਬਰ ਤੱਕ 5.38 ਰੁਪਏ ਵੱਧ ਕੇ 70.38 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਚੁੱਕਾ ਹੈ। ਦੀਵਾਲੀ ਤੱਕ ਇਨ੍ਹਾਂ ਦੀ ਕੀਮਤ 'ਚ ਹੋਰ ਵਾਧਾ ਹੋ ਸਕਦਾ ਹੈ। ਹਾਲਾਂਕਿ ਇਸ ਦੌਰਾਨ ਜੇਕਰ ਕੌਮਾਂਤਰੀ ਬਾਜ਼ਾਰ 'ਚ ਕੀਮਤਾਂ ਘਟਦੀਆਂ ਹਨ ਤਾਂ ਲੋਕਾਂ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਥੋੜ੍ਹੀ ਰਾਹਤ ਦਿੱਤੀ ਜਾ ਸਕਦੀ ਹੈ।