ਪੰਜਾਬ ਦੇ ਕੈਦੀਆਂ ਨੂੰ ਨਹੀਂ ਮਿਲ ਰਿਹਾ ਸਹੀ ਖਾਣਾ, ਡਾਕਟਰ ਨੇ ਕੀਤਾ ਖੁਲਾਸਾ

ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਹੋ ਰਹੀ ਲਾਪਰਵਾਹੀ ਤੇ ਨਸ਼ੇ ਦੀ ਸਪਲਾਈ ਦੇ ਖਿਲਾਫ ਲੁਧਿਆਣਾ ਜੇਲ੍ਹ ਦੇ ਡਾਕਟਰ ਦੀ ਅਰਜ਼ੀ ‘ਤੇ ਪੰਜਾਬ ਸਰਕਾਰ, ਡੀਜੀਪੀ ਜੇਲ੍ਹ ਤੇ ਲੁਧਿਆਣਾ ਦੇ ਜੇਲ੍ਹ ਸੁਪਰਡੈਂਟ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ।

ਪੰਜਾਬ ਹਰਿਆਣਾ ਹਾਈ ਕੋਰਟ ਨੇ ਜਸਟਿਸ ਅਜੈ ਕੁਮਾਰ ਮਿੱਤਲ ਅਤੇ ਜਸਟਿਸ ਅਮਿਤ ਰਾਵਲ ਦੀ ਬੈਂਚ ਨੇ ਇਸ ਕੇਸ ਉੱਤੇ 24 ਨਵੰਬਰ ਦੇ ਲਈ ਅਗਲੀ ਸੁਣਵਾਈ ਤੈਅ ਕਰਦੇ ਹੋਏ ਜੇਲ੍ਹ ਵਿਜਿਟ ਕਰਨ ਦੀ ਗੱਲ ਵੀ ਕਹੀ ਹੈ। ਡਾਕਟਰ ਸਵਰਨਦੀਪ ਵੱਲੋਂ ਦਾਖਲ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਜੇਲ੍ਹ ਵਿੱਚ ਕੈਦੀਆਂ ਨੂੰ ਮੈਡੀਕਲ ਟਰੀਟਮੈਂਟ ਕਰਾਉਣ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਦਿੱਤੀਆਂ ਜਾਣ ਅਤੇ ਕੈਦੀਆਂ ਨੂੰ ਸਹੀ ਖਾਣਾ ਦਿੱਤਾ ਜਾਵੇ।

ਇਹ ਖਾਣਾ ਖਾ ਕੇ ਖੁਦ ਨੂੰ ਤੰਦਰੁਸਤ ਰੱਖਣਾ ਮੁਸ਼ਕਿਲ ਹੈ। ਪਟੀਸ਼ਨਰ ਦੇ ਵਕੀਲ ਰੰਜਨ ਲਖਨਪਾਲ ਨੇ ਕਿਹਾ ਕਿ ਇਹ ਖਾਣਾ ਖਾ ਕੇ ਕੋਈ ਵੀ ਵਿਅਕਤੀ ਬਿਮਾਰ ਹੋ ਸਕਦਾ ਹੈ।ਕੈਦੀਆਂ ਲਈ ਲਿਆਂਦਾ ਗਿਆ ਰਾਸ਼ਨ ਉਨ੍ਹਾਂ ਤੱਕ ਨਹੀਂ ਪਹੁੰਚਦਾ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜੇਲ੍ਹ ਵਿੱਚ ਦਵਾਈਆਂ ਦੀ ਸਪਲਾਈ ਕਾਗਜ਼ਾਂ ਉੱਤੇ ਹੀ ਹੈ। ਕੈਦੀਆਂ ਨੂੰ ਇਸ ਦਾ ਲਾਭ ਨਹੀਂ ਹੁੰਦਾ। ਨਸ਼ੀਲੇ ਪਦਾਰਥ ਜੇਲ੍ਹ ਵਿੱਚ ਖੁੱਲ੍ਹੇਆਮ ਮਿਲਦੇ ਹਨ।


ਕੈਦੀਆਂ ਨੂੰ ਨਸ਼ੇ ਦੀ ਲੋੜ ਪਵੇ ਤਾਂ ਮਹਿੰਗੇ ਭਾਅ ਉਨ੍ਹਾਂ ਨੂੰ ਇਹ ਚੀਜ਼ਾਂ ਮਿਲ ਜਾਂਦੀਆਂ ਹਨ। ਵਰਤੇ ਗਏ ਇੰਜੈਕਸ਼ਨ ਦੋਬਾਰਾ ਵਰਤੇ ਜਾਂਦੇ ਹਨ। ਬਿਮਾਰ ਕੈਦੀਆਂ ਨੂੰ ਹਸਪਤਾਲ ਭਰਤੀ ਨਹੀਂ ਕਰਾਇਆ ਜਾਂਦਾ, ਪਰ ਸਿਹਤਮੰਦ ਕੈਦੀਆਂ ਤੋਂ 15 ਹਜ਼ਾਰ ਰੁਪਏ ਲੈ ਕੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਜਾ ਰਿਹਾ ਹੈ। 

ਇਸ ਵਿੱਚ ਮਦਦ ਨਾ ਕਰਨ ਉੱਤੇ ਡਾਕਟਰ ਉੱਤੇ ਹਮਲਾ ਵੀ ਕੀਤਾ ਗਿਆ ਸੀ।ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਪੰਜਾਬ ਸਰਕਾਰ, ਡੀ ਜੀ ਪੀ ਜੇਲ੍ਹ ਤੇ ਲੁਧਿਆਣਾ ਦੇ ਜੇਲ੍ਹ ਸੁਪਰਡੈਂਟ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ।