ਪੰਜਾਬ ਸਕੂਲ ਸਿੱਖਿਆ ਬੋਰਡ ‘ਚ 2 ਕਰੋੜ ਰੁਪਏ ਦੇ ਕਰੀਬ ਤਨਖਾਹ ਘੁਟਾਲੇ ‘ਚ ਦੋਸ਼ੀ ਪਾਏ ਕਰਮਚਾਰੀਆਂ ਦਾ ਫ਼ੈਸਲਾ ਕਰਦੇ ਹੋਏ 5 ਕਰਮਚਾਰੀਆਂ ਨੂੰ ਬਰਖਾਸਤ, 4 ਕਰਮਚਾਰੀਆਂ ਨੂੰ ਰਿਵਰਟ ਕਰਕੇ ਉਨ੍ਹਾਂ ਨੂੰ ਬੋਰਡ ਦੀ ਸਰਵਿਸ ਜੁਆਇਨ ਵੇਲੇ ਦਾ ਗ੍ਰੇਡ ਪੇਅ ਦੇਣ ਅਤੇ ਸੀਨੀਅਰਤਾ ਉਸ ਕਾਡਰ ‘ਚ ਸਭ ਤੋਂ ਪਿੱਛੇ ਫਿਕਸ ਕਰਨ, ਸੇਵਾ ਮੁਕਤ ਸੁਪਰਡੈਂਟ ਦੀ ਪੈਨਸ਼ਨ ‘ਚੋਂ ਕਟੌਤੀ ਕਰਨ ਤੋਂ ਇਲਾਵਾ ਮੁੱਖ ਦੋਸ਼ੀਆਂ ਕੋਲੋਂ ਰਾਸ਼ੀ ਦੀ ਵਸੂਲੀ ਉਨ੍ਹਾਂ ਦੇ ਬੈਂਕ ਖਾਤਿਆਂ ਅਤੇ ਚੱਲ-ਅਚੱਲ ਜਾਇਦਾਦ ਨੂੰ ਅਟੈਚ ਕਰਨ ਲਈ ਲੀਗਲ ਸੈੱਲ ਵਲੋਂ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਨੰਬਰ (128) ਪ.ਸ.ਸ.ਬ.ਅ.ਕ. ਸੈੱਲ ਅਮਲਾ-2018/104 ਰਾਹੀਂ ਬੋਰਡ ਚੇਅਰਮੈਨ ਵਲੋਂ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਫੈਕਟ ਫਾਈਡਿੰਗ ਪੜਤਾਲ ਰਿਪੋਰਟ ਤੇ ਪੜਤਾਲ ਦੌਰਾਨ ਪੇਸ਼ ਹੋਏ ਰਿਕਾਰਡ ਅਨੁਸਾਰ ਤਰੁਣ ਕੁਮਾਰ ਸੀਨੀਅਰ ਸਹਾਇਕ, ਮਿਹਰ ਸਿੰਘ ਸੀਨੀਅਰ ਸਹਾਇਕ ਸੇਵਾ ਮੁਕਤ ਅਤੇ ਕਲਰਕ ਸ਼ੁਭਕਰਨ ਵਲੋਂ ਬੋਰਡ ਦੇ ਹੋਰ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲ ਕੇ 1, 98, 14, 294 ਰੁਪਏ ਦੀ ਰਾਸ਼ੀ ਦੀ ਹੇਰਾਫੇਰੀ ਕੀਤੀ ਗਈ।
ਜਿਸ ਵਿਚ ਤਰੁਣ ਕੁਮਾਰ ਦੇ ਖਾਤੇ ਵਿਚ 1, 11, 80, 432, ਉਸ ਦੀ ਪਤਨੀ ਸਵਿੰਦਰ ਕੌਰ ਦੇ ਖਾਤੇ ਵਿਚ 7, 11, 730 ਰੁਪਏ, ਤਰੁਣ ਦੀ ਭੈਣ ਪੂਜਾ ਦੇ ਖਾਤੇ ਵਿਚ 15, 03, 679 ਰੁਪਏ, ਗੁਰਮਿੰਦਰ ਸਿੰਘ ਸਹਾਇਕ ਪ੍ਰਕਾਸ਼ਨ ਅਫ਼ਸਰ ਦੇ ਖਾਤੇ ‘ਚ 2, 65, 761 ਰੁਪਏ, ਸ਼ੁਭਕਰਨ ਕਲਰਕ ਦੇ ਖਾਤੇ ‘ਚ 97, 937 ਰੁਪਏ, ਮੋਹਨ ਸਿੰਘ ਸੀਨੀਅਰ ਸਹਾਇਕ ਦੇ ਖਾਤੇ ‘ਚ 5,00,841, ਮਿਹਰ ਸਿੰਘ ਸੀਨੀਅਰ ਸਹਾਇਕ ਦੇ ਖਾਤੇ ‘ਚ 11, 39, 575 ਰੁਪਏ, ਮਹਾਰਾਜ ਦੀਨ ਹੈਲਪਰ (ਸੇਵਾ ਮੁਕਤ) 5, 11, 479 ਰੁਪਏ, ਚਰਨਜੀਤ ਸਿੰਘ ਚਾਵਲਾ ਸੁਪਰਡੈਂਟ (ਸੇਵਾ ਮੁਕਤ) ਦੇ ਖਾਤੇ ‘ਚ 5, 62, 186 ਰੁਪਏ ਜਮ੍ਹਾਂ ਕਰਵਾਏ ਗਏ ਸਨ।
ਇਸੇ ਤਰ੍ਹਾਂ ਦੇਵ ਰਾਜ ਜੂਨੀਅਰ ਸਹਾਇਕ ਦੇ ਖਾਤੇ ‘ਚ 4, 79, 954, ਜੋਗਿੰਦਰ ਕੁਮਾਰ ਦਫ਼ਤਰੀ ਦੇ ਖਾਤੇ ‘ਚ 11, 66, 795 ਰੁਪਏ, ਹਜ਼ਾਰੀ ਲਾਲ ਦਫ਼ਤਰੀ ਦੇ ਖਾਤੇ ‘ਚ 65, 506 ਰੁਪਏ, ਰਾਮ ਸਿੰਘ ਹੈਲਪਰ ਦੇ ਖਾਤੇ ‘ਚ 18, 02, 288 ਰੁਪਏ, ਕੁਲਤਾਰ ਸਿੰਘ ਜੂਨੀਅਰ ਸਹਾਇਕ ਦੇ ਖਾਤੇ ‘ਚ 2, 07, 187 ਰੁਪਏ, ਬਲਬੀਰ ਸਿੰਘ ਸੀਨੀਅਰ ਸਹਾਇਕ ਦੇ ਖਾਤੇ ‘ਚ 92, 369 ਰੁਪਏ, ਸੁਭਾਸ਼ ਚੰਦ ਡਰਾਈਵਰ ਦੇ ਖਾਤੇ ‘ਚ 2, 81, 822 ਰੁਪਏ, ਸਤੀਸ਼ ਕੁਮਾਰ ਸੁਪਰਡੈਂਟ ਦੇ ਖਾਤੇ ‘ਚ 38, 791 ਰੁਪਏ, ਮੰਗਲ ਸਿੰਘ ਸੁਪਰਡੰਟ ਦੇ ਖਾਤੇ ‘ਚ 30, 864 ਰੁਪਏ ਅਤੇ ਮਨਜੀਤ ਸਿੰਘ ਸੁਪਰਡੈਂਟ ਦੇ ਖਾਤੇ ‘ਚ 6, 78, 777 ਰੁਪਏ ਜਮ੍ਹਾਂ ਕਰਵਾਏ ਗਏ ਸਨ।
ਇਸੇ ਤਰ੍ਹਾਂ ਹੈਲਪਰ ਰਾਮ ਸਿੰਘ ਨੂੰ 18, 02, 288 ਰੁਪਏ ਰਾਸ਼ੀ ਜਮ੍ਹਾਂ ਕਰਵਾਉਣ ਸਬੰਧੀ ਬੋਰਡ ਨੂੰ ਦਿੱਤੀ ਅੰਡਰਟੇਕਿੰਗ ਦੇ ਬਾਵਜੂਦ ਇਹ ਰਾਸ਼ੀ ਬੋਰਡ ਦੇ ਖਾਤੇ ‘ਚ ਜਮ੍ਹਾਂ ਨਹੀਂ ਕਰਵਾਈ ਗਈ। ਜਿਸ ਕਾਰਨ ਬੋਰਡ ਵਿਨਿਯਮ ਅਨੁਸਾਰ ਤੁਰੰਤ ਬਰਖਾਸਤ ਕੀਤਾ ਗਿਆ। 31 ਜਨਵਰੀ 2017 ਨੂੰ ਸੇਵਾ ਮੁਕਤ ਹੋ ਚੁੱਕੇ ਸੀਨੀਅਰ ਸਹਾਇਕ ਮੋਹਨ ਸਿੰਘ ਨੂੰ ਦੋਸ਼ੀ ਕਰਾਰ ਦੇ ਕੇ 31 ਜਨਵਰੀ, 2017 ਤੋਂ ਬਰਖਾਸਤ ਕੀਤਾ ਗਿਆ ਹੈ। ਉਸ ਵਲੋਂ ਅੰਡਰਟੇਕਿੰਗ ਦੇਣ ਦੇ ਬਾਵਜੂਦ 5 ਲੱਖ ਦੇ ਕਰੀਬ ਰਾਸ਼ੀ ਬੋਰਡ ਦੇ ਖਾਤੇ ‘ਚ ਜਮ੍ਹਾਂ ਨਹੀਂ ਕਰਵਾਈ ਗਈ।