ਪੰਜਾਬੀ ਗਾਇਕ ਪ੍ਰੀਤ ਬਰਾੜ ਦੀਆਂ ਮੁਸ਼ਕਲਾਂ 'ਚ ਵਾਧਾ, ਗ਼ੈਰ ਜ਼ਮਾਨਤੀ ਵਾਰੰਟ ਹੋਏ ਜਾਰੀ

ਖਾਸ ਖ਼ਬਰਾਂ

ਮੋਹਾਲੀ : ਜ਼ਮੀਨ ਦੇ ਇੱਕ ਮਾਮਲੇ ਨੂੰ ਲੈ ਕੇ ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਬਰਾੜ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਮੋਹਾਲੀ ਦੀ ਜ਼ਿਲ੍ਹਾ ਮੈਜਿਸਟਰੇਟ ਅਦਾਲਤ ਨੇ ਧੋਖਾਧੜੀ ਦੇ ਮਾਮਲੇ 'ਚ ਪੰਜਾਬ ਦੇ ਮਸ਼ਹੂਰ ਗਾਇਕ ਪ੍ਰੀਤ ਬਰਾੜ ਅਤੇ ਉਸ ਦੇ ਭਰਾ ਅੰਮ੍ਰਿਤ ਬਰਾੜ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।

ਇਹ ਵਾਰੰਟ ਇਸ ਲਈ ਜਾਰੀ ਕੀਤੇ ਗਏ ਹਨ ਕਿਉਂਕਿ ਇਹ ਦੋਵੇਂ ਕਈ ਪੇਸ਼ੀਆਂ 'ਤੇ ਵੀ ਅਦਾਲਤ 'ਚ ਹਾਜ਼ਰ ਨਹੀਂ ਹੋਏ। ਹੁਣ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 16 ਫਰਵਰੀ ਨੂੰ ਤੈਅ ਕੀਤੀ ਹੈ। ਜਾਣਕਾਰੀ ਮੁਤਾਬਕ ਪ੍ਰੀਤ ਬਰਾੜ ਅਤੇ ਉਸ ਦੇ ਭਰਾ ਖਿਲਾਫ ਰਮਨਦੀਪ ਸਿੰਘ ਵਾਸੀ ਫੇਜ਼-2, ਮੋਹਾਲੀ ਦੀ ਸ਼ਿਕਾਇਤ 'ਤੇ ਥਾਣਾ ਫੇਜ਼-8, ਮੋਹਾਲੀ 'ਚ 29 ਜੁਲਾਈ, 2013 ਨੂੰ ਮਾਮਲਾ ਦਰਜ ਕੀਤਾ ਗਿਆ ਸੀ। 

ਰਮਨਦੀਪ ਸਿੰਘ ਦਾ ਦੋਸ਼ ਸੀ ਕਿ ਪ੍ਰੀਤ ਬਰਾੜ ਨੇ ਕਿਸੇ ਜ਼ਮੀਨ ਦਾ ਬਿਆਨਾ 51 ਲੱਖ ਰੁਪਏ ਲਿਆ ਸੀ ਪਰ ਬਾਅਦ 'ਚ ਪ੍ਰੀਤ ਬਰਾੜ ਨੇ ਨਾ ਤਾਂ ਜ਼ਮੀਨ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਉਸ ਦੇ 51 ਲੱਖ ਰੁਪਏ ਵਾਪਸ ਕੀਤੇ। ਇਸ ਮਾਮਲੇ 'ਚ ਪ੍ਰੀਤ ਬਰਾੜ ਨੂੰ ਮੁੰਬਈ ਏਅਰਪੋਰਟ 'ਤੇ ਮੁੰਬਈ ਪੁਲਿਸ ਵਲੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਸੀ। 

ਜਦੋਂ ਉਹ ਕਾਠਮੰਡੂ (ਨੇਪਾਲ) ਤੋਂ ਕਿਸੇ ਫਿਲਮ ਦੀ ਸ਼ੂਟਿੰਗ ਕਰਕੇ ਵਾਪਸ ਆ ਰਿਹਾ ਸੀ। ਮੁੰਬਈ ਪੁਲਿਸ ਨੇ ਪ੍ਰੀਤ ਬਰਾੜ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੋਹਾਲੀ ਪੁਲਿਸ ਨੂੰ ਸੂਚਿਤ ਕੀਤਾ ਸੀ, ਜਿਸ ਦੌਰਾਨ ਉਸ ਨੂੰ ਟ੍ਰਾਂਜਿਟ ਵਾਰੰਟ 'ਤੇ ਮੋਹਾਲੀ ਲਿਆਂਦਾ ਗਿਆ ਸੀ।