ਪੰਜਾਬੀ ਮਾਂ ਬੋਲੀ ਨਾਲ ਵਿਤਕਰਾ ਬੰਦ ਕਰਨ ਸਰਕਾਰਾਂ

ਖਾਸ ਖ਼ਬਰਾਂ

ਅੰਮ੍ਰਿਤਸਰ, 29 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਜਨਰਲ ਇਜਲਾਸ ਦੌਰਾਨ ਵੱਖ-ਵੱਖ ਮਤੇ ਪੜ੍ਹੇ ਅਤੇ ਹੁਕਮਰਾਨਾਂ ਨੂੰ ਜ਼ੋਰ ਦਿਤਾ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰਖਦਿਆਂ ਇਨ੍ਹਾਂ 'ਤੇ ਅਮਲ ਕਰਨ। ਲੌਂਗੋਵਾਲ ਮੁਤਾਬਕ ਪੰਜਾਬੀ ਮਾਂ ਬੋਲੀ ਨਾਲ ਵਿਤਕਰਾ ਬੰਦ ਕੀਤਾ ਜਾਵੇ। ਮਤੇ ਰਾਹੀਂ ਚਿੰਤਾ ਪ੍ਰਗਟ ਕੀਤੀ ਗਈ ਕਿ ਪੰਜਾਬ ਵਿਚ ਹੀ ਮਾਂ ਬੋਲੀ ਪੰਜਾਬੀ ਨਾਲ ਵਿਤਕਰਾ ਤੇ ਵਖਰੇਵਾਂ ਕੀਤਾ ਜਾ ਰਿਹਾ ਹੈ। ਪੰਜਾਬ ਵਾਸੀਆਂ ਦੀ ਬਦਕਿਸਮਤੀ ਹੈ ਕਿ ਉਹ ਅਪਣੀ ਮਾਂ ਬੋਲੀ ਨਾਲ ਵਿਤਕਰਾ ਕਰਦੇ ਹੋਏ ਵਿਦਿਅਕ, ਵਿੱਤੀ ਅਦਾਰਿਆਂ 'ਤੇ ਅਪਣੇ ਨਾਵਾਂ ਦੀਆਂ ਤਖ਼ਤੀਆਂ ਮਾਂ ਬੋਲੀ ਪੰਜਾਬੀ ਦੀ ਥਾਂ ਹਿੰਦੀ ਤੇ ਅੰਗ੍ਰੇਜ਼ੀ ਵਿਚ ਲਿਖਦੇ ਹਨ ਜੋ ਕਦਾਚਿਤ ਵੀ ਉਚਿਤ ਨਹੀਂ। ਘਰਾਂ ਵਿਚ ਹਿੰਦੀ ਬੋਲੀ ਜਾਣੀ, ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲਾ ਸਥਾਨ ਨਾ ਮਿਲਣਾ, ਕੌਮੀ ਰਾਜ ਮਾਰਗਾਂ ਦੇ ਚਿੰਨ੍ਹ ਹਿੰਦੀ ਅਤੇ ਅੰਗਰੇਜ਼ੀ ਵਿਚ ਪਹਿਲਾਂ ਲਿਖਣੇ, ਇਸ ਗੱਲ ਦਾ ਪ੍ਰਮਾਣ ਹਨ। ਲੌਂਗੋਵਾਲ ਨੇ ਦਿੱਲੀ ਸਥਿਤ ਦਿਆਲ ਸਿੰਘ ਇਵਨਿੰਗ ਕਾਲਜ ਦਾ ਨਾਮ ਤਬਦੀਲ ਕਰਨ ਦੀ ਨਿਖੇਧੀ ਕੀਤੀ। ਲੌਂਗੋਵਾਲ ਨੇ ਇਸ ਨੂੰ ਇਤਿਹਾਸਕ ਵਿਰਾਸਤ ਦੀ ਹੋਂਦ ਖ਼ਤਮ ਕਰਨ ਵਾਲੀ ਕਾਰਵਾਈ ਕਿਹਾ। ਕਾਲਜ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਅਮਿਤਾਬ ਸਿਨਹਾ ਵਲੋਂ ਨਵੇਂ ਨਾਮ ਵੰਦੇ ਮਾਤਰਮ ਮਹਾਂਵਿਦਿਆਲਾ ਨੂੰ ਭਾਰਤੀ ਭਾਵਨਾ ਨੂੰ ਹੁਲਾਰਾ ਦੇਣ ਵਾਲਾ ਕਹਿਣਾ ਉਚਿਤ ਨਹੀਂ ਹੈ। ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਵਿਚ 80% ਤੋਂ ਵੱਧ ਕੁਰਬਾਨੀਆਂ ਦਿਤੀਆਂ ਹਨ। ਇਸ ਕਾਲਜ ਦੀ ਵਿਰਾਸਤੀ ਹੋਂਦ ਖ਼ਤਮ ਕਰ ਕੇ ਘੱਟ ਗਿਣਤੀਆਂ ਵਿਚ ਬੇਗਾਨਗੀ ਦਾ ਅਹਿਸਾਸ ਕਰਾਉਣਾ ਸਿੱਖਾਂ ਦੀ ਦੇਸ਼ਭਗਤੀ ਨਾਲ ਵੱਡਾ ਅਨਿਆਂ ਹੈ।ਜਨਰਲ ਇਜਲਾਜ ਵਲੋਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ  ਦਿਆਲ ਸਿੰਘ ਮਜੀਠੀਆ ਕਾਲਜ ਦੇ ਨਾਮ ਨੂੰ ਕਾਇਮ ਰਖਿਆ ਜਾਵੇ। ਫ਼ੈਸਲੇ ਅਨੁਸਾਰ ਧਰਮੀ ਫ਼ੌਜੀਆਂ ਨੂੰ ਅਪ੍ਰੈਲ 2018 ਤੋਂ ਅੱਗੋਂ ਪੰਜ ਸਾਲ ਲਈ 50-50 ਹਜ਼ਾਰ ਰੁਪਏ ਸਾਲਾਨਾ ਜਾਰੀ ਰੱਖਣ, ਧਰਮੀ ਫ਼ੌਜੀਆਂ ਦੇ ਬੱਚਿਆਂ ਜਿਨ੍ਹਾਂ ਦੀ ਕੰਟਰੈਕਟ ਜਾਂ ਆਰਜ਼ੀ ਸਰਵਿਸ ਵਿਚ 2 ਸਾਲ ਹੋ ਗਈ ਹੈ, ਨੂੰ ਬਿਲਮੁਕਤਾ ਦੀ ਬਜਾਏ ਗ੍ਰੇਡ ਵਿਚ ਕਰਨ, ਜਿਨ੍ਹਾਂ ਦਾ ਜਨਰਲ ਕੋਰਟ ਮਾਰਸ਼ਲ, ਸਮਰੀਕੋਰਟ ਮਾਰਸ਼ਲ ਹੋਇਆ, ਅੱਗੋਂ ਉਨ੍ਹਾਂ ਦੇ ਬੱਚਿਆਂ ਨੂੰ ਕੰਟਰੈਕਟ ਜਾਂ ਆਰਜ਼ੀ ਰੱਖਣ ਦੀ ਬਜਾਏ ਸਿੱਧਾ ਬਿਲਮੁਕਤਾ ਰੱਖਣ ਲਈ ਸਰਵਿਸ ਰੂਲ ਦੇ ਨਿਯਮ ਜਾਂ ਉਪਨਿਯਮ ਤੇ ਪ੍ਰਬੰਧ ਸਕੀਮ ਵਿਚ ਸੋਧ ਕਰਨ ਦਾ ਫ਼ੈਸਲਾ ਕੀਤਾ। 


ਫ਼ੈਸਲੇ ਅਨੁਸਾਰ ਗੁਰਦੁਆਰਾ ਕਮੇਟੀ, ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਲੋਪੋਂ (ਮੋਗਾ) ਦੀ ਸਾਲਾਨਾ ਆਮਦਨ 35 ਲੱਖ ਤੋਂ ਵੱਧ ਜਾਣ ਕਾਰਨ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ ਸੈਕਸ਼ਨ 87 (1)ਬੀ ਤੋਂ ਸੈਕਸ਼ਨ 85 ਵਿਚ ਤਬਦੀਲ ਕਰਨ ਦੀ ਪ੍ਰਵਾਨਗੀ ਦਿੰਦਿਆਂ ਅੱਗੋਂ ਲੋੜੀਂਦੀ ਕਾਰਵਾਈ ਲਈ ਭਾਰਤ ਸਰਕਾਰ ਕੋਲ ਸਿਫ਼ਾਰਸ਼ ਕੀਤੀ ਗਈ। ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਤੇ ਹੋਰ ਪੰਜਾਬੀ ਵਸੋਂ ਵਾਲੇ ਸੂਬਿਆਂ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਵਿਸ਼ੇਸ਼ ਉਪਰਾਲੇ ਕਰੇ।  ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਬਹਾਲ ਕਰੇ। ਪੰਜਾਬੀ ਪ੍ਰੇਮੀਆਂ ਵਿਰੁਧ ਦਰਜ ਕੀਤੇ ਕੇਸ ਰੱਦ ਹੋਣ। ਸਾਲ 2019 ਵਿਚ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਸਾਲਾ ਪ੍ਰਕਾਸ਼ ਪੁਰਬ ਸਬੰਧੀ ਪਾਸ ਕੀਤੇ ਮਤੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਰਾਇ ਬੁਲਾਰ ਅਹਿਮਦ ਭੱਟੀ ਦੇ ਨਾਮ ਪੁਰ ਲਾਇਬ੍ਰੇਰੀ ਬਣਾਉਣ, ਸਿੱਖ ਮਿਊਜ਼ੀਅਮ ਸਥਾਪਤ ਕਰਨ, ਸਿੱਖ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਸਿਖਿਆ ਦੇਣ ਲਈ ਭਾਈ ਮਰਦਾਨਾ ਜੀ ਦੇ ਨਾਮ 'ਤੇ ਅਕੈਡਮੀ ਸਥਾਪਤ ਕਰਨ, ਪਾਕਿਸਤਾਨ ਵਿਖੇ ਸਿੱਖੀ ਦੇ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਪੰਜਾਬੀ/ਗੁਰਮੁਖੀ ਅਤੇ ਅੰਗ੍ਰੇਜ਼ੀ ਦੇ ਨਾਲ ਸ਼ਾਹਮੁਖੀ ਲਿੱਪੀ ਵਿਚ ਵੀ ਤਿਆਰ ਕਰਨ ਦੀ ਪ੍ਰਵਾਨਗੀ ਦਿਤੀ ਗਈ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁਲ੍ਹੇ ਲਾਂਘੇ ਲਈ ਪੁਰਜ਼ੋਰ ਮੰਗ ਕੀਤੀ ਗਈ। ਭਾਰਤ ਅਤੇ ਪਾਕਿਸਤਾਨ ਸਰਕਾਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਵੱਧ ਤੋਂ ਵੱਧ ਵੀਜ਼ੇ ਦੇਣ। ਗੁਰਦੁਆਰਾ ਗੁਰੂ ਡਾਂਗਮਾਰ ਤੇ ਗੁ: ਚੁੰਗਥਾਮ (ਸਿੱਕਮ) ਵਿਖੇ ਵਾਪਰੀਆਂ ਘਟਨਾਵਾਂ ਦੀ ਨਿਖੇਧੀ ਕੀਤੀ। ਦਰਬਾਰ ਸਾਹਿਬ ਵਿਖੇ ਰੋਜ਼ਾਨਾ ਲੱਖਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ। ਸੰਗਤਾਂ ਲੰਗਰ ਘਰ ਪ੍ਰਸ਼ਾਦਾ ਛਕਦੀਆਂ ਹਨ। ਸ਼੍ਰੋਮਣੀ ਕਮੇਟੀ ਵਲੋਂ ਦੇਸ਼-ਵਿਦੇਸ਼ ਵਿਚ ਕੁਦਰਤੀ ਆਫ਼ਤਾਂ ਵਿਚ ਬਿਨਾਂ ਕਿਸੇ ਭੇਦ ਭਾਵ ਤੋਂ ਵੱਧ ਚੜ੍ਹ ਕੇ ਲੋਕਾਂ ਦੀ ਹਰ ਪੱਖ ਤੋਂ ਮਦਦ ਕੀਤੀ ਜਾਂਦੀ ਹੈ। ਇਸ ਲਈ ਭਾਰਤ ਸਰਕਾਰ ਜੀ ਐਸ ਟੀ ਤੋਂ ਛੋਟ ਦੇਵੇ।