ਪੰਜਾਬੀ ਸੰਗੀਤ ਦੇ ਨਿਵੇਕਲੇ ਰੰਗਾਂ ਨਾਲ ਸਜੀ ਹਰਭਜਨ ਮਾਨ ਦੀ ਨਵੀਂ ਐਲਬਮ 'ਸੱਤਰੰਗੀ ਪੀਂਘ 3'

ਖਾਸ ਖ਼ਬਰਾਂ

(ਪਨੇਸਰ ਹਰਿੰਦਰ ) - ਹਰਭਜਨ ਮਾਨ ਪੰਜਾਬੀ ਲੋਕ ਗਾਇਕੀ ਦੇ ਅੰਬਰ ਦਾ ਉਹ ਤਾਰਾ ਹੈ ਜਿਹਦੀ ਚਮਕ ਸਮੇਂ ਨਾਲ ਫਿੱਕੀ ਪੈਣ ਦੀ ਬਜਾਇ ਹੋਰ ਵੀ ਨਿੱਖਰਦੀ ਆਈ ਹੈ। ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੇ ਇਸ ਸ਼ਾਗਿਰਦ ਨੇ ਕਵੀਸ਼ਰੀ ਵਰਗੇ ਲੋਕ ਰੰਗ ਤੋਂ ਲੈ ਕੇ ਆਧੁਨਿਕ ਜ਼ਮਾਨੇ ਦੇ ਬੀਟ ਸੌਂਗ ਤੱਕ ਪੰਜਾਬੀ ਗਾਇਕੀ ਦੀ ਹਰ ਵੰਨਗੀ ਨੂੰ ਗਾਇਆ। ਹਾਲ ਹੀ ਵਿੱਚ ਹਰਭਜਨ ਮਾਨ ਦੀ ਐਲਬਮ ਰਿਲੀਜ਼ ਹੋਈ ਹੈ 'ਸੱਤਰੰਗੀ ਪੀਂਘ 3'। ਇਸ ਐਲਬਮ ਦਾ ਗੀਤ 'ਜਿੰਦੜੀਏ' ਅੱਜ ਕੱਲ੍ਹ ਸਾਰੇ ਟੀਵੀ ਚੈਨਲਾਂ ਉੱਤੇ ਛਾਇਆ ਹੋਇਆ ਹੈ।

 

ਅੱਜ ਕੱਲ੍ਹ ਦੀ ਨੱਠ-ਭੱਜ ਨਾਲ ਭਰੀ ਜ਼ਿੰਦਗੀ ਦੀ ਕਸ਼ਮਕਸ਼ ਵਿੱਚ ਫਸੇ ਇਨਸਾਨ ਦੇ ਅੰਦਰੂਨੀ ਭਾਵਾਂ ਨੂੰ ਲਾਸਾਨੀ ਗੀਤਕਾਰ ਬਾਬੂ ਸਿੰਘ ਮਾਨ ਨੇ ਆਪਣੇ ਸ਼ਬਦਾਂ ਵਿੱਚ ਬੜੀ ਖੂਬਸੂਰਤੀ ਨਾਲ ਪਰੋਇਆ ਹੈ।ਸੱਤਰੰਗੀ ਪੀਂਘ 3 ਹਰਭਜਨ ਮਾਨ ਦੀ ਸੱਤਰੰਗੀ ਪੀਂਘ ਦੇ ਸਿਰਲੇਖ ਹੇਠ ਪੰਜਾਬ ਦੇ ਅਮੀਰ ਲੋਕ ਰੰਗ ਨਾਲ ਸਰਾਬੋਰ ਐਲਬਮਾਂ ਦੀ ਤੀਸਰੀ ਕੜੀ ਹੈ। ਇਸ ਤੋਂ ਪਹਿਲਾਂ ਸੱਤਰੰਗੀ ਪੀਂਘ ਅਤੇ ਸੱਤਰੰਗੀ ਪੀਂਘ 2 ਰਾਹੀਂ ਹਰਭਜਨ ਮਾਨ ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਅਤੇ ਬਾਬੂ ਸਿੰਘ ਮਾਨ ਦੀਆਂ ਕਲਮਾਂ ਚੋਂ ਨਿੱਕਲੇ ਨਿਛੋਹ ਲੋਕ ਗੀਤ ਸਰੋਤਿਆਂ ਦੀ ਝੋਲੀ ਪਾ ਚੁੱਕਿਆ ਹੈ। 



ਇਹਨਾਂ ਐਲਬਮਾਂ ਦੇ ਗੀਤ ਅੱਜ ਵੀ ਲੋਕ ਸੰਗੀਤ ਦੇ ਚਾਹੁਣ ਵਾਲਿਆਂ ਕੋਲ ਸਾਂਭ ਕੇ ਰੱਖੇ ਮਿਲ ਜਾਣਗੇ। ਪਹਿਲੀਆਂ ਦੋ ਐਲਬਮਾਂ ਦਾ ਸੰਗੀਤ ਜੈਦੇਵ ਕੁਮਾਰ ਨੇ ਦਿੱਤਾ ਸੀ ਜੋ ਅੱਜ ਕੱਲ੍ਹ ਬਾਲੀਵੁੱਡ ਫ਼ਿਲਮਾਂ ਵਿੱਚ ਆਪਣੀਆਂ ਸੰਗੀਤਕ ਸੁਰਾਂ ਨਾਲ ਧਾਕ ਜਮਾ ਰਹੇ ਹਨ। ਸੱਤਰੰਗੀ ਪੀਂਘ 3 ਵਿੱਚ ਕੁੱਲ 8 ਗੀਤ ਹਨ ਜਿਹਨਾਂ ਵਿੱਚੋਂ ਜਿੰਦੜੀਏ ਦਾ ਵੀਡੀਓ ਆਰ.ਸਵਾਮੀ ਨੇ ਬਾਖੂਬੀ ਨਿਰਦੇਸ਼ਿਤ ਕੀਤਾ ਹੈ। ਇਸ ਐਲਬਮ ਦੇ ਗੀਤਾਂ ਨੂੰ ਸੰਗੀਤਕ ਛੋਹਾਂ ਦੇਣ ਦੀ ਜ਼ਿੰਮੇਵਾਰੀ ਨਿਭਾਈ ਹੈ ਪ੍ਰਤਿਭਾਵਾਨ ਸੰਗੀਤਕਾਰ ਗੁਰਮੀਤ ਸਿੰਘ ਅਤੇ ਮਸ਼ਹੂਰ ਸੰਗੀਤਕਾਰ ਜੋੜੀ ਟਾਈਗਰ ਸਟਾਈਲ ਨੇ।

 

ਆਉਣ ਵਾਲੇ ਦਿਨਾਂ ਵਿੱਚ ਇਸ ਐਲਬਮ ਦੇ ਬਾਕੀ ਗੀਤ ਵੀ ਟੀ.ਵੀ. ਚੈਨਲਾਂ ਅਤੇ ਆਨਲਾਈਨ ਸੰਗੀਤਕ ਪਲੇਟਫਾਰਮਾਂ ਦਾ ਸ਼ਿੰਗਾਰ ਬਣਨਗੇ।  ਸੱਤਰੰਗੀ ਪੀਂਘ ਅਤੇ ਸੱਤਰੰਗੀ ਪੀਂਘ 2 ਵਿੱਚ ਹਰਭਜਨ ਦਾ ਸਾਥ ਉਸਦੇ ਛੋਟੇ ਭਰਾ ਅਤੇ ਨਾਮਵਰ ਗਾਇਕ ਗੁਰਸੇਵਕ ਮਾਨ ਨੇ ਦਿੱਤਾ ਸੀ ਅਤੇ ਇਸ ਤੀਸਰੀ ਐਲਬਮ ਵਿੱਚ ਵੀ ਮਾਨ ਭਰਾਵਾਂ ਦਾ ਸਾਥ ਬਰਕਰਾਰ ਹੈ। ਲੋਕ ਧੁਨਾਂ ਨੂੰ ਆਪਣੀਆਂ ਹੇਕਾਂ ਵਿੱਚ ਪਰੋ ਕੇ ਜਦੋਂ ਖੇਮੂਆਣੇ ਦੇ ਮਾਨ ਭਰਾ ਗਾਉਂਦੇ ਨੇ ਤਾਂ ਇੱਕ ਵਾਰ ਸਮਾਂ ਜਿਵੇਂ ਰੁਕ ਜਾਂਦਾ ਹੈ।


ਇਹ ਐਲਬਮ ਹਰਭਜਨ ਮਾਨ ਨੇ ਆਪਣੇ ਰਿਕਾਰਡ ਲੇਬਲ ਐਚ.ਐਮ. ਮਿਊਜ਼ਿਕ ਰਾਹੀਂ ਰਿਲੀਜ਼ ਕੀਤਾ ਹੈ। ਆਪਣੇ ਮਿਊਜ਼ਿਕ ਲੇਬਲ ਨੂੰ ਲਾਂਚ ਕਰਨ ਨਾਲ ਹਰਭਜਨ ਮਾਨ ਨੇ ਉੱਚ ਗੁਣਵੱਤਾ ਵਾਲੇ ਸੰਗੀਤ ਨੂੰ ਪੰਜਾਬੀ ਸੰਗੀਤ ਪ੍ਰੇਮੀਆਂ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਵੀ ਲੈ ਲਈ ਹੈ ਜੋ ਕਾਬਿਲ-ਏ-ਤਾਰੀਫ ਹੈ। ਜਿੰਦੜੀਏ ਤੋਂ ਇਲਾਵਾ ਇਸ ਐਲਬਮ ਦੇ ਬਾਕੀ ਸੱਤ ਗੀਤ ਵੀ ਇਸ ਗੱਲ ਦੀ ਮੁੜ ਗਵਾਹੀ ਦਿੰਦੇ ਹਨ ਕਿ ਹਰਭਜਨ ਮਾਨ ਨੇ ਹਮੇਸ਼ਾ ਓਹੀ ਗੀਤ ਚੁਣੇ ਹਨ ਜੋ ਪੰਜਾਬੀ ਲੋਕ ਮਨਾਂ ਦੀ ਤਰਜਮਾਨੀ ਕਰਦੇ ਹੋਣ।


 

ਕਾਮਯਾਬੀ ਲਈ ਹਰਭਜਨ ਮਾਨ ਨੇ ਕਦੀ ਨੀਵੇਂ ਦਰਜੇ ਦੇ ਹਥਕੰਡੇ ਨਹੀਂ ਅਪਣਾਏ। 1992 ਵਿੱਚ ਚਿੱਠੀਏ ਨੀ ਚਿੱਠੀਏ ਤੋਂ ਹਰਭਜਨ ਮਾਨ ਦਾ ਪੇਸ਼ੇਵਰ ਗਾਇਕ ਵਜੋਂ ਸਫਰ ਸ਼ੁਰੂ ਹੋਇਆ ਸੀ ਅਤੇ 25 ਸਾਲਾਂ ਦੌਰਾਨ ਮਾਨ ਨੇ ਕਦੀ ਇਸਨੂੰ ਦਾਗ਼ਦਾਰ ਨਹੀਂ ਹੋਣ ਦਿੱਤਾ। ਇਸ ਸਿਲਵਰ ਜੁਬਲੀ ਸਾਲ ਵਿੱਚ ਸੱਤਰੰਗੀ ਪੀਂਘ 3 ਵਰਗੀ ਸੰਗੀਤਕ ਰਚਨਾ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਗਈ ਹੈ। ਇਸੇ ਪਾਕ ਅਤੇ ਖਰੀ ਸੋਚ ਦਾ ਨਤੀਜਾ ਹੈ ਕਿ ਅੱਜ ਹਰਭਜਨ ਮਾਨ ਦੀ ਐਲਬਮ ਸੱਤਰੰਗੀ ਪੀਂਘ 3 ਅੰਤਰਰਾਸ਼ਟਰੀ ਐਲਬਮਾਂ ਵਿੱਚ ਸ਼ਾਮਿਲ ਹੈ ਜੋ ਆਈ ਟਿਊਨਜ਼ 'ਤੇ ਸਹਿਜੇ ਹੀ ਦੇਖੀ ਜਾ ਸਕਦੀ ਹੈ ਅਤੇ ਇਹ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ। 

ਸੂਬਾਈ ਸੰਗੀਤ ਨਾਲ ਅੰਤਰਰਾਸ਼ਟਰੀ ਐਲਬਮਾਂ ਦੇ ਮੁਕਾਬਲੇ ਵਿੱਚ ਥਾਂ ਬਣਾਉਣੀ ਵੱਡੀ ਗੱਲ ਹੈ ਅਤੇ ਜਦੋਂ ਹਰਭਜਨ ਮਾਨ ਦਾ ਨਾਂਅ ਆਵੇ ਤਾਂ ਇਸ ਬਾਰੇ ਕੋਈ ਬਹੁਤੀ ਹੈਰਾਨੀ ਦੀ ਗੁੰਜਾਇਸ਼ ਨਹੀਂ ਰਹਿੰਦੀ।  ਸੱਤਰੰਗੀ ਪੀਂਘ 3 ਦੇ ਗੀਤ ਜਿੰਦੜੀਏ ਤੋਂ ਇਲਾਵਾ ਬਾਕੀ ਸੱਤ ਗੀਤ ਵੱਖੋ-ਵੱਖ ਵਿਸ਼ਿਆਂ 'ਤੇ ਆਧਾਰਿਤ ਗੀਤ ਹਨ। ਗੀਤ 'ਰੇਸ਼ਮੀ ਲਹਿੰਗੇ' ਜਿੱਥੇ ਰੇਸ਼ਮੀ ਲਹਿੰਗੇ ਵਾਲੀਆਂ ਨੱਚਦੀਆਂ ਪੰਜਾਬਣਾਂ ਦੀ ਗੱਲ ਕਰਦਾ ਹੈ ਉੱਥੇ ਹੀ 'ਕੱਚ ਦਾ ਖਿਡੌਣਾ' ਟੁੱਟੇ ਦਿਲ ਵਾਲੇ ਆਸ਼ਿਕ ਦੇ ਦਿਲ ਚੋਂ ਨਿੱਕਲਿਆ ਦਰਦ ਬਿਆਨ ਕਰਦਾ ਹੈ। 'ਨੀਵੇਂ ਨੀਵੇਂ ਝੋਂਪੜੇ' ਢੱਡ ਸਾਰੰਗੀ ਨਾਲ ਸਿਰਜਿਆ ਕਵੀਸ਼ਰੀ ਦਾ ਸਿਰਮੌਰ ਹਸਤਾਖਰ ਹੈ। 



'ਬੂਟਾ ਮਹਿੰਦੀ ਦਾ' ਪੰਜਾਬਣ ਮੁਟਿਆਰ ਦੇ ਸੁਹੱਪਣ ਨੂੰ ਬਿਆਨ ਕਰਦੇ ਸ਼ਬਦਾਂ ਨਾਲ ਭਰਿਆ ਹੈ ਤਾਂ 'ਮਾਂ' ਗੀਤ ਸਵਰਗੀ ਕੁਲਦੀਪ ਮਾਣਕ ਦੇ ਗੀਤ 'ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ' ਵਰਗਾ ਯਾਦਗਾਰ ਗੀਤ ਬਣਨ ਦਾ ਹੱਕ ਰੱਖਦਾ ਹੈ। ਇਹਨਾਂ ਤੋਂ ਇਲਾਵਾ 'ਦਰਦ 47 ਦਾ' ਵੱਖਰੇ ਕਿਸਮ ਦਾ ਲਾਜਵਾਬ ਗੀਤ ਹੈ ਜੋ ਬਟਵਾਰੇ ਸਮੇਂ ਇੱਕ ਪੰਜਾਬਣ ਮੁਟਿਆਰ ਦੇ ਪਿੰਡੇ 'ਤੇ ਹੰਢਾਏ ਦਰਦ ਦਾ ਬਾਕਮਾਲ ਬਿਰਤਾਂਤ ਹੈ ਅਤੇ 'ਪਰਛਾਵੇਂ' ਗੀਤ ਜ਼ਿੰਦਗੀ ਦੀ ਸੱਚਾਈ ਤੋਂ ਰੂਬਰੂ ਕਰਵਾਉਂਦਾ ਲੋਕ ਤੱਥ ਵਰਗਾ ਰੰਗ ਪੇਸ਼ ਕਰਦਾ ਹੈ। ਕੁੱਲ ਮਿਲਾ ਕੇ ਪੂਰੀ ਐਲਬਮ ਪੰਜਾਬ ਦੀ ਮਿੱਟੀ ਦੇ ਅਸਲ ਰੰਗਾਂ ਨਾਲ ਰੰਗੀ ਹੈ ਜੋ ਸੱਚਮੁੱਚ ਆਪਣੇ ਨਾਂਅ ਸੱਤਰੰਗੀ ਪੀਂਘ 3 ਨੂੰ ਪੂਰੀ ਤਰਾਂ ਸਾਰਥਕ ਕਰ ਦਿੰਦੀ ਹੈ। 

      

ਸਿੰਗਲ ਟਰੈਕ ਦੇ ਇਸ ਜ਼ਮਾਨੇ ਵਿੱਚ ਹਰਭਜਨ ਮਾਨ 8 ਗੀਤਾਂ ਦੀ ਗੁਲਦਸਤਾ ਐਲਬਮ ਇਸ ਗੱਲ ਦਾ ਸਬੂਤ ਹੈ ਕਿ ਮਾਨ ਨੂੰ ਆਪਣੇ ਪਿਆਰ ਕਰਨ ਵਾਲੇ ਸਰੋਤਿਆਂ 'ਤੇ ਭਰੋਸਾ ਵੀ ਹੈ ਅਤੇ ਮਾਣ ਵੀ, ਕਿ ਉਹ ਉਸਦੀਆਂ ਉਮੀਦਾਂ ਨੂੰ ਕਦੀ ਟੁੱਟਣ ਨਹੀਂ ਦਿੰਦੇ। ਹਰਭਜਨ ਮਾਨ ਨੂੰ ਇਸ ਐਲਬਮ ਦੀ ਕਾਮਯਾਬੀ ਲਈ ਸਾਡੀਆਂ ਸ਼ੁਭਕਾਮਨਾਵਾਂ ਅਤੇ ਦੁਆ ਕਰਦੇ ਹਾਂ ਕਿ ਹਰਭਜਨ ਮਾਨ ਇਸੇ ਤਰਾਂ ਪੰਜਾਬੀ ਸੰਗੀਤ ਦੀ ਸੇਵਾ ਕਰਦਾ ਰਹੇ। ਇੱਕ ਵਾਰ ਫੇਰ ਹਰਭਜਨ ਮਾਨ ਅਤੇ ਪੂਰੀ ਟੀਮ ਨੂੰ 'ਸੱਤਰੰਗੀ ਪੀਂਘ 3' ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ।