ਅੰਮ੍ਰਿਤਸਰ 'ਚ ਦਿਨੋ-ਦਿਨ ਵੱਧ ਰਹੀ ਕੁੱਤਿਆਂ ਦੀ ਗਿਣਤੀ 'ਤੇ ਲਗਾਮ ਲਾਉਣ ਲਈ ਘਰੇਲੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਨੂੰ ਵਾਰ-ਵਾਰ ਲਾਂਚ ਕਰਨ ਉਪਰੰਤ ਕੋਈ ਖਾਸ ਰਿਸਪਾਂਸ ਨਹੀਂ ਮਿਲ ਰਿਹਾ। ਪਹਿਲਾਂ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਤੋਂ ਬਾਅਦ ਮੇਅਰ ਬਖਸ਼ੀ ਰਾਮ ਅਰੋੜਾ ਤੋਂ ਬਾਅਦ ਹੁਣ ਵੀਰਵਾਰ ਨੂੰ ਨਗਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਦੁਬਾਰਾ ਲਾਂਚ ਕੀਤਾ ਗਿਆ।
ਇਸ ਤੋਂ ਪਹਿਲਾਂ ਐੱਮ. ਐੱਲ. ਏ. ਡਾ. ਨਵਜੋਤ ਕੌਰ ਸਿੱਧੂ ਦੇ ਘਰੇਲੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਵੀ ਕਰਵਾਈ ਗਈ ਸੀ, ਹੁਣ ਸੋਨਾਲੀ ਗਿਰੀ ਨੇ ਵੀ ਆਪਣੇ ਘਰੇਲੂ ਕੁੱਤੇ ਦੀ ਰਜਿਸਟ੍ਰੇਸ਼ਨ ਕਰਵਾ ਕੇ ਸ਼ਹਿਰਵਾਸੀਆਂ ਨੂੰ ਆਪਣੇ ਕੁੱਤਿਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਦਾ ਸੰਦੇਸ਼ ਦਿੱਤਾ ਹੈ।
ਜਾਨਵਰਾਂ ਦੇ ਹਸਪਤਾਲ ਹਾਥੀ ਗੇਟ ਵਿਚ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ 'ਚ ਕੁੱਤਿਆਂ ਦੀ ਵੱਧਦੀ ਸੰਖਿਆ ਤੋਂ ਪ੍ਰੇਸ਼ਾਨੀਆਂ ਦੇ ਸਮਾਚਾਰ ਮਿਲ ਰਹੇ ਹਨ। ਘਰੇਲੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਦੌਰਾਨ ਇਕੱਠੇ ਕੀਤੇ ਗਏ ਪੈਸੇ ਆਵਾਰਾ ਕੁੱਤਿਆਂ ਦੀ ਸਟਰਲਾਈਜ਼ੇਸ਼ਨ ਅਤੇ ਹੋਰ ਇਲਾਜ ਲਈ ਖਰਚ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਲੋਕ ਕੁੱਤਿਆਂ ਦੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ। ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ. ਰਾਜੂ ਚੌਹਾਨ ਨੇ ਕਿਹਾ ਕਿ ਕੁੱਤਿਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਲੰਬਾ ਸਮਾਂ ਦਿੱਤਾ ਗਿਆ ਸੀ ਪਰ ਹੁਣ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ, ਜੇਕਰ ਕੋਈ ਘਰੇਲੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਉਂਦਾ ਤਾਂ ਕੁੱਤਿਆਂ ਦੇ ਮਾਲਕਾਂ ਨੂੰ 500 ਤੋਂ 5 ਹਜ਼ਾਰ ਤੱਕ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ।
ਰੋਜ਼ਾਨਾ 9 ਤੋਂ 2 ਵਜੇ ਦੁਪਹਿਰ ਤੱਕ ਪ੍ਰਤੀ ਕੁੱਤਾ 500 ਰੁਪਏ ਪ੍ਰਤੀ ਸਾਲ ਜਮ੍ਹਾ ਕਰਵਾਉਣ ਉਪਰੰਤ ਨਿਗਮ ਕਰਮਚਾਰੀ ਵੱਲੋਂ 1 ਟੋਕਨ ਤੇ ਸਰਟੀਫਿਕੇਟ ਦਿੱਤਾ ਜਾਵੇਗਾ।
ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਵਿਚ ਵੱਧਦੀ ਕੁੱਤਿਆਂ ਦੀ ਸੰਖਿਆ ਅਤੇ ਲੋਕਾਂ 'ਤੇ ਹਮਲੇ ਕਰਨ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਜ਼ਰੂਰਤ ਸਮੇਂ ਮਿੱਠੀਆਂ ਗੱਲਾਂ ਕਰ ਕੇ ਮਤਲਬ ਕਢਵਾ ਲੈਂਦੇ ਹਨ ਪਰ ਬਾਅਦ ਵਿਚ ਜਨਤਾ ਦੀਆਂ ਮੁਸ਼ਕਲਾਂ 'ਤੇ ਬਿਆਨ ਨਹੀਂ ਦਿੱਤਾ ਜਾਂਦਾ।
ਆਵਾਰਾ ਕੁੱਤਿਆਂ ਦੀ ਗਿਣਤੀ ਘਟਾਉਣ ਲਈ ਕੀਤੇ ਜਾਣ ਵਾਲੇ ਆਪ੍ਰੇਸ਼ਨਾਂ, ਸਾਂਭ-ਸੰਭਾਲ ਅਤੇ ਇਲਾਜ ਲਈ ਕਿਸੇ ਨੇਤਾ ਨੇ ਅੱਜ ਤੱਕ ਫੰਡ ਲਿਆਉਣ ਦੀ ਪਹਿਲ ਨਹੀਂ ਕੀਤੀ, ਉਲਟਾ ਰਜਿਸਟ੍ਰੇਸ਼ਨ ਦੇ ਨਾਂ 'ਤੇ ਪੈਸੇ ਲੈ ਕੇ ਆਵਾਰਾ ਕੁੱਤਿਆਂ ਦੀ ਸਟਰਲਾਈਜ਼ੇਸ਼ਨ ਤੇ ਇਲਾਜ ਕਰਵਾਉਣ ਦਾ ਢੰਡੋਰਾ ਪਿੱਟ ਦਿੱਤਾ ਜਾਂਦਾ ਹੈ।
ਵਾਰ-ਵਾਰ ਰਜਿਸਟ੍ਰੇਸ਼ਨ ਕਰਵਾਉਣ ਦੇ ਨਾਂ 'ਤੇ ਅੱਜ ਤੱਕ ਖਾਨਾਪੂਰਤੀਆਂ ਕੀਤੀਆਂ ਜਾ ਰਹੀਆਂ ਹਨ। ਅਖਬਾਰੀ ਬਿਆਨਾਂ ਦੌਰਾਨ ਫੋਟੋਆਂ ਲਵਾ ਕੇ ਫਿਰ ਚੁੱਪ ਧਾਰਨ ਕੀਤੀ ਜਾਂਦੀ ਹੈ। ਪਿਛਲੇ ਸਮੇਂ ਦੌਰਾਨ ਰਜਿਸਟ੍ਰੇਸ਼ਨ ਕਰਵਾਉਣ ਦੀ ਸੰਖਿਆ ਨਾ ਦੇ ਬਰਾਬਰ ਰਹੀ, ਜਦਕਿ ਨਿਗਮ ਦੇ ਸਿਹਤ ਵਿਭਾਗ ਵੱਲੋਂ ਘਰਾਂ ਵਿਚ ਦਸਤਕ ਤੱਕ ਨਹੀਂ ਦਿੱਤੀ ਗਈ, ਨਾ ਹੀ ਕਿਸੇ ਦਾ ਕੁੱਤਾ ਉਠਾਇਆ ਤੇ ਨਾ ਹੀ ਜੁਰਮਾਨਾ ਕੀਤਾ ਗਿਆ।