ਪਤਨੀ ਦੀ ਜਾਸੂਸੀ ਮਾਮਲੇ 'ਚ ਨਵਾਜ਼ ਨੇ ਜਤਾਈ ਹੈਰਾਨੀ, ਪਤਨੀ ਨੇ ਕਹੀ ਵੱਡੀ ਗੱਲ

ਪਤਨੀ ਦੀ ਜਾਸੂਸੀ ਕਰਵਾਉਣ ਮਾਮਲੇ 'ਚ ਬੀਤੇ ਦਿਨ ਸੋਸ਼ਲ ਮੀਡੀਆ ਦੀਆਂ ਸੁਰਖ਼ੀਆਂ ਬਣੇ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦਕੀ ਨੇ ਇਸ ਪੂਰੇ ਮਾਮਲੇ 'ਤੇ ਹੈਰਾਨੀ ਪ੍ਰਗਟਾਉਂਦਿਆਂ ਟਵੀਟ ਕੀਤਾ ਹੈ। ਜਿਸ ਵਿਚ ਨਵਾਜ਼ੂਦੀਨ ਨੇ ਪੂਰੇ ਮਾਮਲੇ 'ਤੇ ਮੀਡੀਆ ਦੇ ਰਵਈਏ ਦੀ ਅਲੋਚਨਾ ਕੀਤੀ ਹੈ ਅਤੇ ਇਸ ਨੂੰ ਘਿਨੌਣਾ ਕਰਾਰ ਦਿਤਾ ਹੈ। 



ਨਵਾਜ਼ੂਦੀਨ ਅਪਣੇ ਟਵੀਟ ਵਿਚ ਲਿਖਦੇ ਹਨ ਕਿ ਬੀਤੀ ਸ਼ਾਮ ਬੇਟੀ ਦੇ ਹਾਈਡ੍ਰੋਕਲੇਕਿਟ੍ਰਕ ਪਾਵਰ ਜਨਰੇਟਰ ਨਾਲ ਜੁੜੇ ਸਕੂਲੀ ਪ੍ਰੋਜੈਕਟ ਦੀ ਤਿਆਰੀ ਕਰਵਾਉਣ ਤੋਂ ਬਾਅਦ ਜਦੋਂ ਮੈਂ ਦੂਜੇ ਦਿਨ ਆਪਣੀ ਬੇਟੀ ਦੇ ਸਕੂਲ ਜਾਂਦਾ ਹਾਂ ਤੇ ਅਚਾਨਕ ਮੀਡੀਆ ਮੈਨੂੰ ਕੁੱਝ ਦੋਸ਼ਾਂ ਸਬੰਧੀ ਮੇਰੇ ਤੋਂ ਸਵਾਲ ਪੁਛਦਾ ਹੈ ਤਾਂ ਮੈਂ ਇਸ ਤੋਂ ਬਹੁਤ ਹੈਰਾਨ ਹੁੰਦਾ ਹਾਂ।


ਦਰਸਅਲ, ਸ਼ੁਕਰਵਾਰ ਨੂੰ CDR ਦੀ ਰਿਪੋਰਟ ਤਹਿਤ ਪਤਨੀ ਦੀ ਜਾਸੂਸੀ ਕਰਵਾਉਣ ਅਤੇ ਕਾਲ ਡਿਟੇਲ ਕਢਵਾਉਣ ਦੇ ਦੋਸ਼ ਹੇਠ ਥਾਣੇ ਦੀ ਕ੍ਰਾਈਮ ਬ੍ਰਾਂਚ ਨੇ ਨਵਾਜ਼ੂਦੀਨ ਨੂੰ ਸੰਮਨ ਜਾਰੀ ਕੀਤੇ ਸਨ ਅਤੇ ਸੋਮਵਾਰ ਨੂੰ ਪੇਸ਼ੀ ਤੇ ਬੁਲਾਇਆ ਸੀ ਜਿਸ ਦਾ ਨਵਾਜ਼ੂਦੀਨ ਨੇ ਕਰਾਈਮ ਬ੍ਰਾਂਚ ਨੂੰ ਕੋਈ ਜਵਾਬ ਨਹੀਂ ਦਿਤਾ ਪਰ ਇਸ ਪੂਰੇ ਮਾਮਲੇ ਦੀ ਨਿੰਦਾ ਜ਼ਰੂਰ ਕੀਤੀ ਹੈ।


 

ਉਧਰ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜਿਥੇ ਨਵਾਜ਼ ਨੇ ਇਹ ਟਵੀਟ ਕੀਤਾ ਹੈ, ਉਥੇ ਹੀ ਨਵਾਜ਼ ਦੀ ਪਤਨੀ ਆਲੀਆ ਨੇ ਵੀ ਇਸ ਮਾਮਲੇ 'ਤੇ ਹੈਰਾਨੀ ਪ੍ਰਗਟਾਈ ਹੈ ਅਤੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕਰ ਕੇ ਲਿਖਿਆ ਹੈ ਕਿ ਕੁੱਝ ਦਿਨਾਂ ਤੋਂ ਮੇਰੇ ਅਤੇ ਨਵਾਜ਼ੂਦੀਨ ਬਾਰੇ ਮੀਡੀਆ 'ਚ ਜੋ ਖ਼ਬਰਾਂ ਆ ਰਹੀਆਂ ਹਨ ਉਹ ਸਾਡੇ ਦੋਹਾਂ ਨੂੰ ਹੈਰਾਨ ਕਰ ਰਹੀਆਂ ਹਨ। ਕਦੇ ਕੋਈ ਕਹਿੰਦਾ ਹੈ ਕਿ ਸਾਡਾ ਰਿਸ਼ਤਾ ਸਹੀ ਨਹੀਂ ਚਲ ਰਿਹਾ ਅਤੇ ਕਦੇ ਕੋਈ ਸਾਡਾ ਤਲਾਕ ਕਰਵਾ ਰਿਹਾ ਹੈ। 


ਇਨ੍ਹਾਂ ਖ਼ਬਰਾਂ ਨੂੰ ਦੇਖਦੇ ਹੋਏ ਮਜਬੂਰੀ 'ਚ ਮੈਨੂੰ ਬੋਲਣਾ ਪੈ ਰਿਹਾ ਹੈ ਕਿ ਅਜਿਹਾ ਕੁੱਝ ਵੀ ਨਹੀਂ ਹੈ, ਸਾਡੇ ਰਿਸ਼ਤੇ ਬਿਲਕੁਲ ਠੀਕ ਠਾਕ ਹਨ , ਮੇਰੇ ਪਤੀ ਦਾ ਜੇਕਰ ਕੋਈ ਦੋਸ਼ ਹੈ ਤਾਂ ਉਹ ਬਸ ਇਹੀ ਹੈ ਕਿ ਉਹ ਹਮੇਸ਼ਾ ਸੱਚ ਬੋਲਦੇ ਹਨ। ਉਨ੍ਹਾਂ ਦੀ ਬਾਇਉਗ੍ਰਾਫ਼ੀ ਵਿਚ ਵੀ ਉਨ੍ਹਾਂ ਨੇ ਸੱਚ ਹੀ ਲਿਖਿਆ ਸੀ। ਲੋਕਾਂ ਲਈ ਭਾਵੇਂ ਅੱਜ ਉਹ ਇਕ ਸੈਲੀਬ੍ਰਿਟੀ ਹਨ ਪਰ ਮੇਰੇ ਲਈ ਉਹੀ 15 ਸਾਲ ਪਹਿਲਾਂ ਵਾਲੇ ਨਵਾਜ਼ ਹੀ ਹਨ। 



ਅੱਗੇ ਆਲੀਆ ਦਾ ਕਹਿਣਾ ਹੈ ਕਿ ਮੇਰਾ ਅਤੇ ਨਵਾਜ਼ ਦਾ ਧਰਮ ਵੱਖ ਹੈ ਪਰ ਕਦੇ ਮੇਰੇ ਉੱਤੇ ਅਪਣਾ ਧਰਮ ਨਹੀਂ ਥੋਪਿਆ, ਨਾ ਹੀ ਮੈਨੂੰ ਇਸ ਦਾ ਅਹਿਸਾਸ ਹੋਣ ਦਿਤਾ ਹੈ। ਅਸੀਂ ਹਮੇਸ਼ਾ ਸਮਾਨਤਾ ਨਾਲ ਹੀ ਜੀਵਨ ਬਤੀਤ ਕੀਤਾ ਹੈ । ਨਵਾਜ਼ ਭੋਲੇ ਇਨਸਾਨ ਹਨ ਇਸ ਲਈ ਉਨ੍ਹਾਂ ਨੂੰ 'ਸੌਫਟ ਟਾਰਗੇਟ' ਕੀਤਾ ਜਾ ਰਿਹਾ ਹੈ।ਨਾਲ ਹੀ ਉਨ੍ਹਾਂ ਕਿਹਾ ਕਿ ਸੀਡੀਆਰ ਦੀ ਰਿਪੋਰਟ ਜਾਂਚ ਤੋਂ ਬਾਅਦ ਸਾਰਾ ਸੱਚ ਸਾਹਮਣੇ ਆ ਜਾਵੇਗਾ ਪਰ ਮੇਰੇ ਵਲੋਂ ਨਵਾਜ਼ ਸੱਚਾ ਹੈ ਅਤੇ ਉਨ੍ਹਾਂ 'ਤੇ ਲੱਗੇ ਸੱਭ ਇਲਜ਼ਾਮ ਝੂਠ ਹਨ।  


ਇਸ ਪੂਰੇ ਮਾਮਲੇ 'ਚ ਕੌਣ ਸੱਚ ਕਹਿ ਰਿਹਾ ਹੈ ਅਤੇ ਕੌਣ ਝੂਠ , ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲਗੇਗਾ ਪਰ ਫ਼ਿਲਹਾਲ ਅਸੀਂ ਕਹਿ ਸਕਦੇ ਹਾਂ ਕਿ ਨਵਾਜ਼ ਨੂੰ ਉਨ੍ਹਾਂ ਦੀ ਪਤਨੀ ਨੇ ਅਪਣੇ ਵਲੋਂ ਕਲੀਨ ਚਿੱਟ ਦੇ ਦਿਤੀ ਹੈ।