ਪਟਰੌਲ ਅਤੇ ਡੀਜ਼ਲ ਦੇ ਰੇਟ ਘਟੇ

ਚੰਡੀਗੜ੍ਹ, 17 ਅਕਤੂਬਰ (ਸਰਬਜੀਤ ਢਿੱਲੋਂ) : ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਪੰਜਾਬ ਵੈਟ ਐਕਟ (2005) ਵਿਚ ਸੋਧ ਕਰਦਿਆਂ ਡੀਜ਼ਲ ਅਤੇ ਪਟਰੌਲ ਪਦਾਰਥਾਂ 'ਤੇ ਲਾਏ ਵੈਟ ਦੀਆਂ ਦਰਾਂ ਘਟਾਉਣ ਲਈ ਨਵਾਂ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਹੈ। ਇਸ ਨਾਲ ਚੰਡੀਗੜ੍ਹ 'ਚ ਪਟਰੌਲ ਅਤੇ ਡੀਜ਼ਲ 3 ਰੁਪਏ ਤਕ ਸਸਤਾ ਹੋ ਜਾਵੇਗਾ। ਇਹ ਨੋਟੀਫ਼ੀਕੇਸ਼ਨ 18 ਅਕਤੂਬਰ ਸਵੇਰੇ 6 ਵਜੇਂ ਤੋਂ ਲਾਗੂ ਸਮਝਿਆ ਜਾਵੇਗਾ। ਨਵੇਂ ਨੋਟੀਫ਼ੀਕੇਸ਼ਨ ਮੁਤਾਬਕ ਪਟਰੌਲ ਤੋਂ ਵੈਟ ਘਟਾ ਕੇ 19.74 ਫ਼ੀ ਸਦੀ ਕਰ ਦਿਤਾ ਗਿਆ ਹੈ। ਪਹਿਲਾਂ ਇਹ 24.74 ਫ਼ੀ ਸਦੀ ਸੀ। ਡੀਜ਼ਲ 'ਤੇ ਵੈਟ ਘਟਾ ਕੇ 11.40 ਫ਼ੀ ਸਦੀ ਕਰ ਦਿਤਾ ਗਿਆ ਹੈ ਜੋ ਪਹਿਲਾਂ 16.40 ਫ਼ੀ ਸਦੀ ਸੀ। ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਪਟਰੌਲ ਦੀ ਕੀਮਤ ਵਿਚ 2.74 ਰੁਪਏ ਪ੍ਰਤੀ ਲਿਟਰ ਕਮੀ ਆਵੇਗੀ ਅਤੇ ਡੀਜ਼ਲ ਦੀ ਕੀਮਤ 2.48 ਰੁਪਏ ਪ੍ਰਤੀ ਲਿਟਰ ਘਟ ਜਾਵੇਗੀ। ਸਵੇਰੇ ਪਟਰੌਲ ਦਾ ਰੇਟ 65.66 ਰੁਪਏ ਜਦਕਿ ਡੀਜ਼ਲ ਦਾ ਰੇਟ 55.20 ਰੁਪਏ ਲਿਟਰ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਪ੍ਰਸ਼ਾਸਨ ਨੂੰ ਪਟਰੌਲ ਅਤੇ ਡੀਜ਼ਲ 'ਤੇ ਵੈਟ ਘੱਟ ਕਰਨ ਲਈ ਕਾਫ਼ੀ ਦਬਾਅ ਬਣਾਇਆ ਹੋਇਆ ਸੀ। 

ਦੱਸਣਯੋਗ ਹੈ ਕਿ ਇਸ ਵੇਲੇ ਪੰਜਾਬ ਦੇ ਮੋਹਾਲੀ ਸ਼ਹਿਰ ਵਿਚ ਪਟਰੌਲ ਦਾ ਰੇਟ 73.87 ਰੁਪਏ ਹੈ ਅਤੇ ਡੀਜ਼ਲ ਦਾ ਰੇਟ 56.92 ਰੁਪਏ ਹੈ। ਚੰਡੀਗੜ੍ਹ ਵਿਚ ਰੇਟ ਘਟਣ ਨਾਲ ਪਟਰੌਲ ਇਸ ਸ਼ਹਿਰ ਵਿਚ ਮੁਹਾਲੀ ਨਾਲੋਂ ਤਕਰੀਬਨ 8 ਰੁਪਏ ਸਸਤਾ ਮਿਲੇਗਾ ਅਤੇ ਡੀਜ਼ਲ 1.72 ਰੁਪਏ ਪ੍ਰਤੀ ਲਿਟਰ ਸਸਤਾ ਮਿਲੇਗਾ। ਚੰਡੀਗ੍ਹੜ 'ਚ ਰੇਟ ਘਟਣ ਨਾਲ ਪੰਜਾਬ ਪਟਰੌਲ ਪੰਪਾਂ 'ਤੇ ਬਹੁਤ ਵੱਡਾ ਅਸਰ ਪਵੇਗਾ ਕਿਉਂਕਿ ਪੰਜਾਬ ਦੇ ਹਜ਼ਾਰਾਂ ਲੋਕ ਚੰਡੀਗੜ੍ਹ ਮੋਟਰ ਗੱਡੀਆਂ 'ਤੇ ਆਉਂਦੇ ਹਨ ਅਤੇ ਇਥੇ ਪਟਰੌਲ ਸਸਤਾ ਹੋਣ ਕਰ ਕੇ ਅਪਣੀਆਂ ਵਾਹਨਾਂ ਦੀਆਂ ਟੈਂਕੀਆਂ ਫੁੱਲ ਕਰਵਾ ਕੇ ਲੈ ਜਾਂਦੇ ਹਨ। ਹੁਣ ਡੀਜ਼ਲ ਦਾ ਰੇਟ ਵੀ ਪੰਜਾਬ ਨਾਲੋਂ ਸਸਤਾ ਹੋ ਗਿਆ ਹੈ ਅਤੇ ਹੁਣ ਟਰੱਕਾਂ ਵਾਲੇ ਵੀ ਡੀਜ਼ਲ ਚੰਡੀਗੜ੍ਹ ਤੋਂ ਲੈ ਕੇ ਜਾਣ ਨੂੰ ਪਹਿਲ ਦੇਣਗੇ।
ਕੁਦਰਤੀ ਹੈ ਕਿ ਚੰਡੀਗੜ੍ਹ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟਣ ਨਾਲ ਪੰਜਾਬ ਸਰਕਾਰ 'ਤੇ ਵੀ ਡੀਜ਼ਲ ਅਤੇ ਪਟਰੌਲ ਦੇ ਰੇਟ ਘਟਾਉਣ ਲਈ ਦਬਾਅ ਵੱਧ ਜਾਵੇਗਾ।