ਪਟਰੌਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤ ਵਿਰੁਧ ਪ੍ਰਦਰਸ਼ਨ

ਰੇਹੜਿਆਂ 'ਤੇ ਮੋਟਰ ਸਾਈਕਲ ਰੱਖ ਕੇ ਕਢਿਆ ਰੋਸ ਮਾਰਚ
ਐਸ.ਏ.ਐਸ. ਨਗਰ, 25 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਪਿਛਲੇ ਕੁਝ ਦਿਨਾਂ ਵਿਚ ਹੀ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ 10 ਤੋਂ 12 ਰੁਪਏ ਦੇ ਵਾਧੇ ਖਿਲਾਫ ਯੂਥ ਆਫ ਪੰਜਾਬ ਵਲੋਂ ਰੇਹੜਿਆਂ ਉਤੇ ਮੋਟਰ ਸਾਈਕਲ ਚੜ੍ਹਾ ਕੇ ਰੋਸ ਰੈਲੀ ਕੱਢੀ ਗਈ। ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਦਿਨੋਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਕਿਸਾਨੀ, ਟਰਾਂਸਪੋਰਟ ਅਤੇ ਆਮ ਜਨਤਾ 'ਤੇ ਮਾਰੂ ਅਸਰ ਪੈ ਰਿਹਾ ਹੈ।

ਉਹਨਾਂ ਮੰਗ ਕੀਤੀ ਕਿ ਹੋਰ ਵਸਤਾਂ ਦੀ ਤਰ੍ਹਾਂ ਪੈਟਰੋਲ ਅਤੇ ਡੀਜ਼ਲ ਨੂੰ ਵੀ ਜੀ.ਐਸ.ਟੀ. ਦੇ ਦਾਇਰੇ ਹੇਠਾ ਲਿਆਂਦਾ ਜਾਵੇ ਤਾਂ ਜੋ ਸਾਰੇ ਪਾਸੇ ਇਨ੍ਹਾਂ ਪੈਟਰੋਲੀਅਮ ਪਦਾਰਥਾਂ ਦੀ ਕੀਮਤ ਇਕਸਾਰ ਹੋ ਸਕੇ।  ਇਹ ਰੋਸ ਰੈਲੀ ਪਿੰਡ ਮਟੌਰ ਤੋਂ ਸ਼ੁਰੂ ਹੋ ਕੇ ਮੋਹਾਲੀ ਦੇ ਵੱਖ ਵੱਖ ਫੇਜ਼ਾਂ ਅਤੇ ਸੈਕਟਰਾਂ ਤੋਂ ਹੁੰਦੀ ਹੋਈ ਮਟੌਰ ਵਿਖੇ ਹੀ ਸਮਾਪਤ ਹੋਈ। ਰੈਲੀ ਵਿਚ ਗੁਰਦੀਪ ਸਿੰਘ, ਜੋਤੀ ਸਿੰਗਲਾ, ਲਾਲਾ ਦਾਊਂ, ਗੁਰਜੀਤ ਮਾਮਾ, ਸ਼ੁਭ ਸੇਖੋਂ, ਜੰਗ ਬਹਾਦਰ, ਈਸ਼ਾਂਤ ਮੋਹਾਲੀ, ਸਾਹਿਲ ਖੇੜਾ ਤੋਂ ਇਲਾਵਾ ਯੂਥਆਫ ਪੰਜਾਬ ਦੇ ਹੋਰ ਆਗੂ ਵੀ ਹਾਜ਼ਰ ਸਨ।