ਪਤੀ ਏਕਮ ਦੇ ਕਤਲ ਦੀ ਆਰੋਪੀ ਪਤਨੀ ਨੇ ਜੇਠ ਨੂੰ ਧਮਕਾਇਆ, ਇਹ ਸੀ ਪੂਰਾ ਮਾਮਲਾ

ਖਾਸ ਖ਼ਬਰਾਂ

ਜ਼ਿਲਾ ਅਦਾਲਤ ਦੇ ਬਖਸ਼ੀਖਾਨੇ ਦੇ ਬਾਹਰ ਬੁੱਧਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਏਕਮ ਕਤਲਕਾਂਡ ਦੀ ਮੁੱਖ ਦੋਸ਼ੀ ਸੀਰਤ ਨੇ ਆਪਣੇ ਜੇਠ ਦਰਸ਼ਨ ਸਿੰਘ ਢਿੱਲੋਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਨੂੰ ਧਮਕੀਆਂ ਵੀ ਦਿੱਤੀਆਂ। ਜਾਣਕਾਰੀ ਮੁਤਾਬਕ ਸੀਰਤ ਢਿੱਲੋਂ ਦੇ ਸਾਹਮਣਿਓਂ ਜਦੋਂ ਏਕਮ ਦੇ ਪਰਿਵਾਰ ਵਾਲੇ ਅਦਾਲਤ 'ਚੋਂ ਬਾਹਰ ਨਿਕਲੇ ਤਾਂ ਸੀਰਤ ਨੇ ਉਨ੍ਹਾਂ ਨੁੰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ।

ਸੀਰਤ ਨੇ ਕਿਹਾ ਕਿ ਉਹ ਕੇਸ ਦੀ ਝੂਠੀ ਗਵਾਹੀ ਦੇ ਰਹੇ ਹਨ। ਇਸ ਦੌਰਾਨ ਮ੍ਰਿਤਕ ਏਕਮ ਦੇ ਭਰਾ ਦਰਸ਼ਨ ਸਿੰਘ ਢਿੱਲੋਂ ਨੇ ਐੱਸ. ਐੱਸ. ਪੀ. ਮੋਹਾਲੀ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਜਿੱਥੇ ਸੀਰਤ ਬਖਸ਼ੀਖਾਨੇ 'ਚ ਬੰਦ ਉਨ੍ਹਾਂ ਨੂੰ ਗਾਲ੍ਹਾਂ ਕੱਢ ਰਹੀ ਸੀ, ਉੱਥੇ ਹੀ ਕੁਝ ਪੁਲਿਸ ਕਰਮਚਾਰੀ ਸੀਰਤ ਨੂੰ ਉਸ ਦੇ ਰਿਸ਼ਤੇਦਾਰਾਂ ਨਾਲ ਮਿਲਵਾ ਰਹੇ ਸਨ। ਜਦੋਂ ਸੀਰਤ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਤਾਂ ਪੁਲਿਸ ਨੇ ਇਸ ਨੂੰ ਅਣਦੇਖਿਆਂ ਕਰ ਦਿੱਤਾ। 

ਜਦੋਂ ਦਰਸ਼ਨ ਢਿੱਲੋਂ ਨੇ ਮੌਕੇ 'ਤੇ ਮੌਜੂਦ ਮਹਿਲਾ ਪੁਲਿਸ ਕਰਮਚਾਰੀ ਨੂੰ ਸੀਰਤ ਨੂੰ ਰੋਕਣ ਲਈ ਕਿਹਾ ਤਾਂ ਉਸ ਨੇ ਅੱਗਿਓਂ ਜਵਾਬ ਦਿੱਤਾ ਕਿ ਉਹ ਸੀਰਤ ਦਾ ਮੂੰਹ ਤਾਂ ਬੰਦ ਨਹੀਂ ਕਰਵਾ ਸਕਦੀ। ਢਿੱਲੋਂ ਨੇ ਦੱਸਿਆ ਕਿ ਐੱਸ. ਐੱਸ. ਪੀ. ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਅਦਾਲਤ 'ਚ ਮੌਜੂਦ ਪੁਲਿਸ ਕਰਮਚਾਰੀ ਨੂੰ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਉਣ ਲਈ ਪਾਬੰਦ ਕੀਤਾ ਜਾਵੇਗਾ। 

ਅਦਾਲਤ ਵਿਚ ਬੁੱਧਵਾਰ ਨੂੰ ਮ੍ਰਿਤਕ ਏਕਮ ਢਿੱਲੋਂ ਦੇ ਭਰਾ ਦਰਸ਼ਨ ਸਿੰਘ ਢਿੱਲੋਂ ਦੇ ਬਿਆਨ ਦਰਜ ਕੀਤੇ ਗਏ । ਅਦਾਲਤ ਵਿਚ ਭਾਵੇਂ ਹੀ ਮੁੱਖ ਮੁਲਜ਼ਮ ਸੀਰਤ ਢਿੱਲੋਂ ਨੂੰ ਲਿਆ ਕੇ ਪੇਸ਼ ਕੀਤਾ ਗਿਆ ਸੀ ਪਰ ਮੁੱਖ ਗਵਾਹ ਤੁੱਲ ਬਹਾਦਰ ਆਟੋ ਚਾਲਕ ਅਦਾਲਤ ਵਿਚ ਪੇਸ਼ ਨਹੀਂ ਹੋਇਆ। ਅਦਾਲਤ ਵਿਚ ਪੇਸ਼ੀ ਦੌਰਾਨ ਪੁਲਿਸ ਵਲੋਂ ਕੇਸ ਪ੍ਰਾਪਰਟੀ ਵਜੋਂ ਬੀ. ਐੱਮ. ਡਬਲਿਊ. ਕਾਰ ਪੇਸ਼ ਕੀਤੀ ਜਾਣੀ ਸੀ ਪਰ ਪੁਲਿਸ ਉਸ ਕਾਰ ਨੂੰ ਅਦਾਲਤ ਵਿਚ ਪੇਸ਼ ਨਹੀਂ ਕਰ ਸਕੀ ।

ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਕਾਰ ਲਿਆਉਣ ਲਈ ਕਰੇਨ ਦਾ ਪ੍ਰਬੰਧ ਨਹੀਂ ਹੋ ਸਕਿਆ, ਜਿਸ ਕਾਰਨ ਕਾਰ ਲਿਆਂਦੀ ਨਹੀਂ ਜਾ ਸਕੀ । ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 24 ਜਨਵਰੀ ਨਿਸ਼ਚਿਤ ਕਰਦੇ ਹੋਏ ਪੁਲਿਸ ਨੂੰ ਹਿਦਾਇਤ ਦਿੱਤੀ ਕਿ ਅਗਲੀ ਪੇਸ਼ੀ 'ਤੇ ਕੇਸ ਪ੍ਰਾਪਰਟੀ ਦੀ ਬੀ. ਐੱਮ. ਡਬਲਿਊ. ਕਾਰ ਹਰ ਹਾਲਤ ਵਿਚ ਪੇਸ਼ ਕੀਤੀ ਜਾਵੇ ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਾਰਚ 2017 ਵਿਚ ਏਕਮ ਢਿੱਲੋਂ ਦੀ ਲਾਸ਼ ਨੂੰ ਟਿਕਾਣੇ ਲਾਉਣ ਜਾ ਰਹੀ ਉਸ ਦੀ ਪਤਨੀ ਸੀਰਤ ਢਿੱਲੋਂ ਦਾ ਭੇਦ ਉਸ ਸਮੇਂ ਖੁੱਲ੍ਹ ਗਿਆ ਸੀ, ਜਦੋਂ ਉਹ ਲਾਸ਼ ਵਾਲਾ ਸੂਟਕੇਸ ਆਪਣੀ ਬੀ. ਐੱਮ. ਡਬਲਿਊ. ਕਾਰ ਵਿਚ ਰੱਖਣ ਲਈ ਕਿਸੇ ਆਟੋ ਚਾਲਕ ਦੀ ਮਦਦ ਮੰਗ ਰਹੀ ਸੀ । 

ਜਿਵੇਂ ਹੀ ਆਟੋ ਚਾਲਕ ਨੂੰ ਪਤਾ ਲੱਗਾ ਤਾਂ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਤੇ ਸੀਰਤ ਫਰਾਰ ਹੋ ਗਈ ਸੀ । ਉਸ ਤੋਂ ਬਾਅਦ ਉਸ ਨੇ 10 ਅਪ੍ਰੈਲ ਨੂੰ ਪੁਲਿਸ ਕੋਲ ਆਤਮ ਸਮਰਪਣ ਕਰ ਦਿੱਤਾ ਸੀ । ਉਸ ਉਪਰੰਤ ਪੁਲਿਸ ਨੇ 15 ਜੂਨ ਨੂੰ ਇਸ ਕੇਸ ਵਿਚ 100 ਪੰਨਿਆਂ ਦਾ ਚਲਾਨ ਵੀ ਪੇਸ਼ ਕਰ ਦਿੱਤਾ ਸੀ । ਹੁਣ ਇਸ ਕੇਸ ਦੀ ਸੁਣਵਾਈ ਮੋਹਾਲੀ ਦੀ ਅਦਾਲਤ ਵਿਚ ਚੱਲ ਰਹੀ ਹੈ ।