ਨਵੀਂ ਦਿੱਲੀ-ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੱਡੀ ਕਾਰਵਾਈ ਕਰਦੇ ਹੋਏ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ 472 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਈ. ਡੀ. ਨੇ ਪਰਲਜ਼ ਐਗਰੋਟੈੱਕ ਕਾਰਪੋਰੇਸ਼ਨ ਲਿਮਟਿਡ (ਪੀ. ਏ. ਸੀ. ਐਲ.) ਚਿੱਟ ਫ਼ੰਡ ਘੁਟਾਲਾ ਕੇਸ ‘ਚ ਆਪਣੀ ਹਵਾਲਾ ਜਾਂਚ ਦੇ ਤਹਿਤ ਪੀ. ਏ. ਸੀ. ਐਲ. ਦੀ ਆਸਟ੍ਰੇਲੀਆ ਵਿਚਲੀ 472 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ, ਜਿਸ ‘ਚ ਸ਼ੇਅਰ ਅਤੇ ਅਚੱਲ ਜਾਇਦਾਦ ਵੀ ਸ਼ਾਮਿਲ ਹੈ।
ਜ਼ਬਤ ਕੀਤੀਆਂ ਗਈਆਂ ਸੰਪਤੀਆਂ ‘ਚ ਆਸਟ੍ਰੇਲੀਆ ਵਿਚਲਾ ਮੀ ਰਿਜ਼ੋਰਟ ਗਰੁੱਪ-1 ਪ੍ਰਾਈਵੇਟ ਲਿਮਟਿਡ ਅਤੇ ਸੈਂਕਚੁਰੀ ਕੋਵ ਪ੍ਰਾਪਰਟੀਜ਼ ਵੀ ਸ਼ਾਮਿਲ ਹੈ। 2015 ‘ਚ ਇਸ ਦੇ ਡਾਇਰੈਕਟਰਾਂ ਅਤੇ ਅਧਿਕਾਰੀਆਂ ਖ਼ਿਲਾਫ਼ ਸੀ. ਬੀ. ਆਈ. ਵਲੋਂ ਦਰਜ ਕੀਤੀ ਗਈ ਐਫ. ਆਈ. ਆਰ. ਦਾ ਨੋਟਿਸ ਲੈਂਦਿਆਂ ਕੰਪਨੀ ਖ਼ਿਲਾਫ਼ ਇਕ ਅਪਰਾਧਿਕ ਮਾਮਲਾ ਦਰਜ ਕੀਤਾ ਸੀ।
ਈ. ਡੀ. ਨੇ ਪੀ. ਏ. ਸੀ. ਐਲ. ਦੀ ਚਿੱਟ ਫ਼ੰਡ ਸਕੀਮ ਘੁਟਾਲੇ ਦੀ ਜਾਂਚ ਦੇ ਸਬੰਧ ‘ਚ ਉਕਤ ਜਾਇਦਾਦ ਜ਼ਬਤ ਕੀਤੀ ਹੈ। ਇਹ ਚਿੱਟ ਫ਼ੰਡ ਸਕੀਮ ਨਿਰਮਲ ਸਿੰਘ ਭੰਗੂ ਚਲਾਉਂਦਾ ਸੀ। ਪੀ. ਏ. ਸੀ. ਐਲ. ਮਾਮਲੇ ਦੀ ਜਾਂਚ ਕਈ ਏਜੰਸੀਆਂ ਵਲੋਂ ਕੀਤੀ ਜਾ ਰਹੀ ਹੈ। ਈ. ਡੀ. ਨੇ ਦੱਸਿਆ ਕਿ ਚਿਟ ਫ਼ੰਡ ਯੋਜਨਾਵਾਂ ਰਾਹੀਂ ਇਕੱਠੇ ਕੀਤੇ ਗਏ ਫ਼ੰਡ ‘ਚੋਂ ਐਮ ਐਸ ਪੀ. ਏ. ਸੀ. ਐਲ. ਲਿਮੀਟਡ ਨੇ ਸਿੱਧੇ ਅਤੇ ਆਪਣੀਆਂ 43 ਮੋਹਰੀ ਕੰਪਨੀਆਂ ਦੇ ਜ਼ਰੀਏ ਸਾਲ 2009 ਤੋਂ 2014 ਦਰਮਿਆਨ ਆਪਣੇ ਸੰਗਠਨ ਦੀ ਕੰਪਨੀ ਐਮ ਐਸ. ਪੀ. ਆਈ. ਪੀ. ਐਲ. ‘ਚ 650 ਕਰੋੜ ਰੁਪਏ ਦਾ ਨਿਵੇਸ਼ ਕੀਤਾ, ਜਿਸ ਨੇ ਅੱਗੇ ਇਸ ਰਕਮ ਦਾ ਨਿਵੇਸ਼ ਕੀਤਾ।