ਅੰਮ੍ਰਿਤਸਰ : ਇਥੋਂ ਦੇ ਅੰਮ੍ਰਿਤਸਰ ਬਟਾਲਾ ਰੋਡ ‘ਤੇ 30 ਅਕਤੂਬਰ ਨੂੰ ਆਰ. ਐੱਸ. ਐੱਸ. ਆਗੂ ਵਿਪਨ ਸ਼ਰਮਾ ਦੇ ਕਤਲ ਕੇਸ ‘ਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ਜਰੀਏ ਭਾਵ ਫੇਸਬੁੱਕ ਜਰੀਏ ਸਰਾਜ ਸੰਧੂ ਨਾਮ ਦੇ ਫੇਸਬੁੱਕ ਅਕਾਊਟ ‘ਤੇ ਇਕ ਪੋਸਟ ਪਾਈ ਗਈ ਹੈ ਜਿਸ ‘ਚ ਫੇਸਬੁੱਕ ਅਕਾਊਟ ਚਲਾਉਣ ਵਾਲੇ ਨੇ ਵਿਪਨ ਸ਼ਰਮਾ ਦੇ ਕਤਲ ਕੀਤੇ ਜਾਣ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਫੇਸਬੁੱਕ ‘ਤੇ ਉਸ ਨੇ ਵਿਪਨ ਸ਼ਰਮਾ ਦੇ ਕਤਲ ਕੀਤੇ ਜਾਣ ਦੇ ਕਾਰਨਾਂ ਨੂੰ ਵੀ ਸਪੱਸ਼ਟ ਕੀਤਾ ਹੈ।
ਉਸ ਨੇ ਲਿਖਿਆ ਹੈ ਕਿ ਵਿਪਨ ਸ਼ਰਮਾ ਨੇ ਉਸ ਦੇ ਦੋਸਤ ਦੇ ਪਿਤਾ ਦਾ ਕਤਲ ਕਰਵਾਇਆ ਸੀ, ਜੋ ਕਿ ਇਕ ਪੁਲਿਸ ਕਰਮਚਾਰੀ ਸਨ। ਵਿਪਨ ਸ਼ਰਮਾ ਨੇ ਉਨ੍ਹਾਂ ਦੇ ਕਤਲ ਲਈ ਹਥਿਆਰ ਵੀ ਮੁਹੱਇਆ ਕਰਵਾਇਆ ਸੀ, ਇਸ ਲਈ ਉਨ੍ਹਾਂ ਨੇ ਆਪਣੀ ਨਿਜੀ ਰੰਜਿਸ਼ ਦੇ ਚਲਦਿਆਂ ਵਿਪਨ ਸ਼ਰਮਾ ਦਾ ਕਤਲ ਕੀਤਾ ਹੈ। ਇਸ ਕਤਲ ਨੂੰ ਕਿਸੇ ਧਰਮ ਨਾਲ ਜੋੜ ਕੇ ਨਾ ਦੇਖਿਆ ਜਾਵੇ। ਇਸ ਦੇ ਨਾਲ ਹੀ ਸਰਾਜ ਨੇ ਸੋਸ਼ਲ ਮੀਡੀਆ ‘ਤੇ ਚਲ ਰਹੀਆਂ ਚਰਚਾਵਾਂ ਨੂੰ ਵੀ ਗਲਤ ਠਹਿਰਾਇਆ ਹੈ।
ਤੁਹਾਨੂੰ ਦੱਸ ਦਈਏ ਕਿ ਹਿੰਦੂ ਸੰਘਰਸ਼ ਸੈਨਾ ਨਾਮੀ ਇੱਕ ਹਿੰਦੂ ਜਥੇਬੰਦੀ ਦੇ ਸਥਾਨਕ ਪ੍ਰਧਾਨ ਵਿਪਨ ਸ਼ਰਮਾ ਨੂੰ ਸਿੱਖ ਸਰੂਪ ਵਾਲੇ ਚਾਰ ਨੌਜੁਆਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਵਿਪਨ ਸ਼ਰਮਾ ਬਟਾਲਾ ਰੋਡ ਸਥਿਤ ਆਪਣੀ ਦੁਕਾਨ ਦੇ ਬਾਹਰ ਖੜ੍ਹਾ ਸੀ। 30 ਅਕਤੂਬਰ, 2017 ਦੁਪਹਿਰ 2:30 ਵਜੇ ਦੇ ਕਰੀਬ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਆਏ ਚਾਰ ਸਿੱਖਾਂ, ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ, ਗੋਲੀਆਂ ਚਲਾ ਕੇ ਵਿਪਨ ਸ਼ਰਮਾ ਨੂੰ ਮਾਰ ਦਿੱਤਾ।
ਵਿਪਨ ਕੁਮਾਰ ਸ਼ਰਮਾ ਦੇ ਕਤਲ ਕਰ ਦਿੱਤੇ ਜਾਣ ਕਾਰਨ ਗ਼ੁੱਸੇ ਵਿੱਚ ਆਏ ਹਿੰਦੂ ਸੰਗਠਨਾਂ ਨੇ ਉਸ ਦੀ ਲਾਸ਼ ਨੂੰ ਭੰਡਾਰੀ ਪੁਲ ਉੱਤੇ ਰੱਖ ਕੇ ਆਵਾਜਾਈ ਜਾਮ ਕਰ ਦਿੱਤੀ ਸੀ। ਉਨ੍ਹਾਂ ਮੰਗ ਕੀਤੀ ਸੀ ਕਿ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮ੍ਰਿਤਕ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਤੇ 25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਸਵੇਰ ਤੋਂ ਸ਼ਾਮ ਤੱਕ ਮੁੱਖ ਪੁਲ ਉੱਤੇ ਆਵਾਜਾਈ ਜਾਮ ਰਹਿਣ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਿਆ ਤੇ ਸਾਰੇ ਸ਼ਹਿਰ ਵਿੱਚ ਤਨਾਅ ਬਣਿਆ ਰਿਹਾ ਸੀ।
ਇਸ ਗੱਲ ਦਾ ਐਲਾਨ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਕੀਤਾ ਸੀ। ਸਿੱਧੂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਸੀ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ। ਵਿਪਨ ਸ਼ਰਮਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨਵਜੋਤ ਸਿੱਧੂ ਦੇ ਨਾਲ ਇਲਾਕੇ ਦੇ ਵਿਧਾਇਕ ਸੁਨੀਲ ਅਤੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਵੀ ਮੌਜੂਦ ਸਨ।
ਸਿੱਧੂ ਨੇ ਕਿਹਾ ਸੀ ਕਿ ਵਿਪਨ ਸ਼ਰਮਾ ਦੇ ਕਤਲ ਦੀ ਘਟਨਾ ਅਤਿ ਦੁਖਦਾਈ ਹੈ। ਸਿੱਧੂ ਨੇ ਕਿਹਾ ਸੀ ਕਿ ਸੂਬਾ ਸਰਕਾਰ ਪੰਜਾਬ ਵਿਚ ਕਾਨੂੰਨ ਵਿਵਸਥਾ ਨੂੰ ਦਰੁਸਤ ਕਰਨ ਲਈ ਠੋਸ ਕਦਮ ਚੁੱਕ ਰਹੀ ਹੈ। ਜਿਸ ਦੇ ਚੱਲਦੇ ਪੁਲਸ ਅਧਿਕਾਰੀਆਂ ਨੂੰ ਖਾਸ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।