ਫਿਲ‍ਮ ਪਦਮਾਵਤ ਦੇ ਵਕੀਲ ਹਰੀਸ਼ ਸਾਲਵੇ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

ਖਾਸ ਖ਼ਬਰਾਂ

ਨਵੀਂ ਦਿੱਲੀ: ਜਿਵੇਂ-ਜਿਵੇਂ ਫਿਲਮ ‘ਪਦਮਾਵਤ’ ਦੀ ਰਿਲੀਜ਼ ਤਾਰੀਖ਼ ਨੇੜੇ ਆ ਰਹੀ ਹੈ, ਇਸ ਦਾ ਵਿਰੋਧ ਵਧਦਾ ਜਾ ਰਿਹਾ ਹੈ। ਇੱਕ ਪਾਸੇ ਸੈਂਸਰ ਬੋਰਡ ਦੇ ਮੁਖੀ ਪ੍ਰਸੂਨ ਜੋਸ਼ੀ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਜੇ ਉਹ ਜੈਪੁਰ ਲਿਟਰੇਚਰ ਫੈਸਟੀਵਲ ‘ਚ ਸ਼ਾਮਲ ਹੋਏ ਤਾਂ ਉਨ੍ਹਾਂ ਨੂੰ ਕੁੱਟਿਆ ਜਾਵੇਗਾ। 

ਦੂਜੇ ਪਾਸੇ ਸੁਪਰੀਮ ਕੋਰਟ ‘ਚ ‘ਪਦਮਾਵਤ’ ਖ਼ਿਲਾਫ ਕੇਸ ਲੜਨ ਵਾਲੇ ਹਰੀਸ਼ ਸਾਲਵੇ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਦੀਪਕਾ ਪਾਦੂਕੋਨ ਨੂੰ ਵੀ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ ਤੇ ਹੁਣ ਹਰੀਸ਼ ਸਾਲਵੇ ਨੇ ਇਸ ਲਈ ਕੇਸ ਦਰਜ ਕਰਵਾਇਆ ਹੈ।

ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਦਫਤਰ ‘ਚ ਫੋਨ ਕਰਕੇ ਧਮਕੀ ਦਿੱਤੀ ਗਈ ਹੈ ਤੇ ਕਿਹਾ ਗਿਆ ਕਿ ਫਿਲਮ ਦੇ ਪੱਖ ‘ਚ ਬੋਲਣ ਲਈ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਹਰੀਸ਼ ਸਾਲਵੇ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਕੇਸ ਦਰਜ ਕਰਨ ਤੋਂ ਬਾਅਦ ਕਾਲ ਦੀ ਜਾਂਚ ਜਾਰੀ ਹੈ।

ਦੱਸ ਦਈਏ ਕਿ ਸੁਪਰੀਮ ਕੋਰਟ ਨੇ ਇਸ ਫਿਲਮ ਨੂੰ ਰਿਲੀਜ਼ ਕਰਨ ਦਾ ਰਾਹ ਸਾਫ ਕਰ ਦਿੱਤਾ ਹੈ। ਗੁਜਰਾਤ, ਰਾਜਸਥਾਨ ਤੇ ਹਰਿਆਣਾ ਵੱਲੋਂ ਫ਼ਿਲਮ ‘ਤੇ ਪਾਬੰਦੀ ਲਾਈ ਗਈ ਸੀ ਪਰ ਹੁਣ ਉਨ੍ਹਾਂ ਨੂੰ ਵੀ ਫ਼ਿਲਮ ਰਿਲੀਜ਼ ਕਰਨੀ ਹੋਵੇਗੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਦੋਂ ਸੈਂਸਰ ਬੋਰਡ ਨੇ ਸਰਟੀਫਿਕੇਟ ਦੇ ਦਿੱਤਾ ਹੈ ਤਾਂ ਅਸੀਂ ਇਸ ‘ਤੇ ਰੋਕ ਨਹੀਂ ਲਾ ਸਕਦੇ। ਇਹ ਵਿਚਾਰਾਂ ਦੀ ਆਜ਼ਾਦੀ ਹੈ ਕਿ ਫਿਲਮ ਚੱਲਣੀ ਚਾਹੀਦੀ ਹੈ।

ਪਟੀਸ਼ਨਕਰਤਾਵਾਂ ਨੇ ਦਲੀਲ ਦਿੱਤੀ ਕਿ ਸੈਂਸਰ ਬੋਰਡ ਨੇ ਨਿਯਮਾਂ ਖ਼ਿਲਾਫ ਜਾ ਕੇ ਫਿਲਮ ਨੂੰ ਪਾਸ ਕੀਤਾ ਹੈ। ਇਸ ਲਈ ਫ਼ਿਲਮ ‘ਤੇ ਰੋਕ ਲੱਗਣੀ ਚਾਹੀਦੀ ਹੈ। ਕੋਰਟ ਨੇ ਇਹ ਵੀ ਕਿਹਾ ਕਿ ਕਾਨੂੰਨ ਵਿਵਸਥਾ ਰਾਜ ਦਾ ਕੰਮ ਹੈ ਤੇ ਉਨ੍ਹਾਂ ਨੂੰ ਇਹ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ।