ਫੀਫਾ ਅੰਡਰ - 17 ਵਿਸ਼ਵ ਕੱਪ ਅੱਜ ਤੋਂ , ਭਾਰਤ 'ਚ ਹੋਵੇਗੀ ਨਵੇਂ ਯੁੱਗ ਦੀ ਸ਼ੁਰੂਆਤ

ਨਵੀਂ ਦਿੱਲੀ: ਸ਼ੁੱਕਰਵਾਰ ਦਾ ਦਿਨ ਭਾਰਤੀ ਫੁਟਬਾਲ ਦੇ ਇਤਿਹਾਸ ਦੇ ਸੁਨਹਿਰੇ ਪੰਨਿਆਂ ਵਿੱਚ ਦਰਜ ਹੋ ਜਾਵੇਗਾ, ਜਦੋਂ ਭਾਰਤ ਵਿੱਚ ਪਹਿਲੀ ਵਾਰ ਫੀਫਾ ਦੇ ਵੱਡੇ ਟੂਰਨਾਮੈਂਟ ਅੰਡਰ - 17 ਵਿਸ਼ਵ ਕੱਪ ਦਾ ਸ਼ੁਭ-ਆਰੰਭ ਹੋਵੇਗਾ । ਵਿਸ਼ਵ ਕੱਪ ਅੱਜ ਤੋਂ ਚੱਲ ਕੇ 28 ਅਕਤੂਬਰ ਤੱਕ ਚੱਲੇਗਾ। ਇਸ ਵਿੱਚ ਵਿਸ਼ਵ ਭਰ ਦੀਆਂ 24 ਟੀਮਾਂ ਹਿੱਸਾ ਲੈ ਰਹੀਆਂ ਹਨ। ਮੇਜ਼ਬਾਨੀ ਅਤੇ ਭਾਰਤ ਨੂੰ ਇਸ ਵਿੱਚ ਹਿੱਸਾ ਲੈਣ ਦੀ ਮੌਕਾ ਮਿਲਣਾ ਇਹ ਪਹਿਲੀ ਵਾਰ ਹੈ। 24 ਟੀਮਾਂ, 4-4 ਟੀਮਾਂ ਦੇ ਛੇ ਗਰੁੱਪਾਂ ਵਿੱਚ ਵੰਡੀਆਂ ਗਈਆਂ ਹਨ। 

ਭਾਰਤੀ ਟੀਮ ਦੇ ਪ੍ਰਸ਼ੰਸਕਾਂ ਲਈ ਆਪਣੀ ਟੀਮ ਦੇ ਮੈਚ ਅਤੇ ਉਨ੍ਹਾਂ ਦੀ ਸਮੇਂ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ ਇਸ ਲਈ ਜਾਣੋ ਕਿ ਭਾਰਤੀ ਟੀਮ ਦੇ ਮੈਚ ਦੇ ਪ੍ਰੋਗਰਾਮ ਅਤੇ ਇਸ ਤੋਂ ਇਲਾਵਾ ਤੁਸੀਂ ਕਦੋਂ ਅਤੇ ਕਿਸ ਤਰ੍ਹਾਂ ਸਿੱਧਾ ਪ੍ਰਸਾਰਣ ਵੇਖ ਸਕਦੇ ਹੋ। ਭਾਰਤ ਨੂੰ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਇਸ ਸਮੂਹ ਵਿੱਚ ਭਾਰਤ ਦੇ ਇਲਾਵਾ ਅਮਰੀਕਾ, ਘਾਨਾ ਅਤੇ ਕੋਲੰਬੀਆ ਵੀ ਹਨ। ਟੂਰਨਾਮੈਂਟ ਦੀ ਸ਼ੁਰੂਆਤ ਸ਼ੁਕਰਵਾਰ 6 ਅਕਤੂਬਰ ਤੋਂ ਹੋ ਰਹੀ ਹੈ।

ਭਾਰਤ ਦਾ ਪਹਿਲਾ ਮੈਚ ਅਮਰੀਕਾ ਦੇ ਨਾਲ ਖੇਡਿਆ ਜਾਵੇਗਾ। ਅਮਰੀਕਾ ਦੇ ਕੁਝ ਖਿਡਾਰੀ ਭਾਰਤੀ ਟੀਮ ਲਈ ਚਣੋਤੀ ਬਣ ਸਕਦੇ ਹਨ। ਅਮਰੀਕੀ ਟੀਮ ਦੀ ਗੱਲ ਕਰੀਏ ਤਾਂ ਅਮਰੀਕੀ ਫੁੱਟਬਾਲ ਸੰਘ ਨੇ ਆਪਣੀ 21 ਮੈਂਬਰੀ ਟੀਮ ਵਿਚ 17 ਖਿਡਾਰੀ ਅਜਿਹੇ ਉਤਾਰੇ ਹਨ, ਜਿਹੜੇ ਦੂਜੇ ਸਥਾਨ ‘ਤੇ ਰਹੀ ਕਾਨਕਾਕੈਫ ਅੰਡਰ-17 ਚੈਂਪੀਅਨਸ਼ਿਪ 2017 ਟੀਮ ਦਾ ਹਿੱਸਾ ਸਨ। ਟੀਮ ਦੇ ਜ਼ਿਆਦਾਤਰ ਖਿਡਾਰੀ ਵੱਡੀਆਂ ਲੀਗਾਂ ਨਾਲ ਖੇਡਦੇ ਹਨ ਤੇ ਜਿਹੜੇ ਖਿਡਾਰੀ ਭਾਰਤ ਦੇ ਸਾਹਮਣੇ ਚੁਣੌਤੀ ਪੇਸ਼ ਕਰ ਸਕਦੇ ਹਨ। 

  ਉਨ੍ਹਾਂ ਵਿਚ ਫਾਰਵਰਡ ਜੋਸ਼ੂਆ ਸਰਜੈਂਟ, ਤਿਮੋਥੀ ਵਿਯਾਹ, ਗੋਲਕੀਪਰ ਜਸਟਿਨ ਗਾਰਸਸ ਸ਼ਾਮਲ ਹਨ। ਸਰਜੈਂਟ ਅਗਲੇ ਸਾਲ 18 ਸਾਲ ਦਾ ਹੋਣ ਦੇ ਨਾਲ ਹੀ ਜਰਮਨ ਲੀਗ ਬੁੰਦੇਲਸੀਗਾ ਨਾਲ ਜੁੜਨ ਜਾ ਰਿਹਾ ਹੈ। ਉਹ ਸਾਲ 2017 ਵਿਚ ਅੰਡਰ-20 ਵਿਸ਼ਵ ਕੱਪ ਵਿਚ ਵੀ ਖੇਡ ਚੁੱਕਾ ਹੈ ਅਤੇ ਸਾਲ 2003 ਵਿਚ ਫ੍ਰੈਡੀ ਅਦੂ ਤੋਂ ਬਾਅਦ ਅਮਰੀਕਾ ਦਾ ਪਹਿਲਾ ਅਜਿਹਾ ਖਿਡਾਰੀ ਵੀ ਹੈ, ਜਿਹੜਾ ਅੰਡਰ-17 ਤੇ ਅੰਡਰ-20 ਦੋਵੇਂ ਵਿਸ਼ਵ ਕੱਪ ਵਿਚ ਖੇਡ ਰਿਹਾ ਹੈ। ਇਸਦੇ ਇਲਾਵਾ ਵਿਯਾਹ ਪੈਰਿਸ ਸੇਂਟ ਜਰਮਨ ਨਾਲ ਜੁੜਿਆ ਹੈ ਤੇ ਸਾਬਕਾ ਫੀਫਾ ਪਲੇਅਰ ਆਫ ਦਿ ਈਯਰ ਜਾਰਜ ਵਿਯਾਹ ਦਾ ਬੇਟਾ ਹੈ।