ਫੀਫਾ ਅੰਡਰ-17 ਵਿਸ਼ਵ ਕੱਪ : ਭਾਰਤ 6 ਅਕਤੂਬਰ ਨੂੰ ਖੇਡੇਗਾ ਆਪਣਾ ਪਹਿਲਾ ਮੈਚ

ਖਾਸ ਖ਼ਬਰਾਂ

ਨਵੀਂ ਦਿੱਲੀ: ਭਾਰਤ ਮੇਜ਼ਬਾਨ ਹੋਣ ਦੇ ਨਾਤੇ ਪਹਿਲੀ ਵਾਰ ਕਿਸੇ ਫੀਫਾ ਵਿਸ਼ਵ ਕੱਪ ਟੂਰਨਾਮੈਂਟ ‘ਚ ਉਤਰ ਰਿਹਾ ਹੈ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ ਗਰੁੱਪ-ਏ ਵਿਚ ਅਮਰੀਕਾ ਵਿਰੁੱਧ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ 6 ਅਕਤੂਬਰ ਨੂੰ ਕਰੇਗਾ। ਭਾਰਤੀ ਫੁੱਟਬਾਲ ਲਈ 6 ਅਕਤੂਬਰ ਦਾ ਦਿਨ ਇਤਿਹਾਸਿਕ ਹੋਵੇਗਾ, ਜਦੋਂ ਦੇਸ਼ ਪਹਿਲੀ ਵਾਰ ਕਿਸੇ ਵੀ ਵਰਗ ‘ਚ ਫੀਫਾ ਮੰਚ ‘ਤੇ ਆਪਣੀ ਹਾਜ਼ਰੀ ਦਰਜ ਕਰਾਉਣ ਲਈ ਉਤਰੇਗਾ, ਜਿਥੇ ਇਸ ਖੇਡ ਨੂੰ ਇਕ ਨਵੀਂ ਦਿਸ਼ਾ ਤੇ ਦਸ਼ਾ ਹਾਸਲ ਹੋਵੇਗੀ।

ਦੁਨੀਆ ਦੇ ਦੂਜੇ ਸਭ ਤੋਂ ਵੱਡੇ ਦੇਸ਼ ਭਾਰਤ ਦੇ ਲੋਕਾਂ ਦੀਆਂ ਢੇਰ ਸਾਰੀਆਂ ਉਮੀਦਾਂ ਦੇ ਨਾਲ ਭਾਰਤ ਦੀ ਅੰਡਰ-17 ਫੁੱਟਬਾਲ ਟੀਮ ਫੀਫਾ ਵਿਸ਼ਵ ਕੱਪ ‘ਚ ਖੇਡਣ ਉਤਰੇਗੀ। ਭਾਰਤ ਦੀ ਮੇਜ਼ਬਾਨੀ ਵਿਚ ਪਹਿਲੀ ਵਾਰ ਹੋ ਰਹੇ ਫੀਫਾ ਅੰਡਰ-17 ਵਿਸ਼ਵ ਕੱਪ ਦਾ ਆਗ਼ਾਜ਼ 6 ਅਕਤੂਬਰ ਤੋਂ ਹੋਣ ਜਾ ਰਿਹਾ ਹੈ, ਜਿਥੇ ਮੇਜ਼ਬਾਨ ਦੀ ਹੈਸੀਅਤ ਨਾਲ ਭਾਰਤੀ ਟੀਮ ਨੂੰ ਟੂਰਨਾਮੈਂਟ ‘ਚ ਪ੍ਰਵੇਸ਼ ਮਿਲਿਆ ਹੈ।

ਹਾਲਾਂਕਿ ਟੀਮ ਪੂਰੀ ਤਿਆਰੀ ਤੇ ਸਖਤ ਅਭਿਆਸ ਤੋਂ ਬਾਅਦ ਵਿਸ਼ਵ ਕੱਪ ‘ਚ ਉਤਰ ਰਹੀ ਹੈ, ਜਿਥੇ ਦੁਨੀਆ ਦੀਆਂ 24 ਧਾਕੜ ਟੀਮਾਂ ਖਿਤਾਬ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਰਹੀਆਂ ਹਨ। ਭਾਰਤ ਇਸ ਟੂਰਨਾਮੈਂਟ ‘ਚ ਯਕੀਨਨ ਹੀ ਖਿਤਾਬ ਦਾ ਦਾਅਵੇਦਾਰ ਜਾਂ ਮਜ਼ਬੂਤ ਟੀਮ ਦੇ ਤੌਰ ‘ਤੇ ਸ਼ਾਮਲ ਨਹੀਂ ਹੈ ਪਰ ‘ਬਲਿਊ ਕਬਸ’ ਦੇ ਨਾਂ ਨਾਲ ਜਾਣੀ ਜਾਣ ਵਾਲੀ ਅੰਡਰ ਡਾਗ ਭਾਰਤੀ ਟੀਮ ਘਰੇਲੂ ਮੈਦਾਨ ਤੇ ਘੇਰਲੂ ਹਾਲਾਤ ‘ਚ ਵੱਡਾ ਉਲਟਫੇਰ ਕਰ ਸਕਦੀ ਹੈ।

ਕੌਮਾਂਤਰੀ ਮੰਚ ‘ਤੇ ਭਾਰਤ ਦਾ ਚੰਗਾ ਪ੍ਰਦਰਸ਼ਨ ਦੁਨੀਆ ਦੀ ਸਭ ਤੋਂ ਜ਼ਿਆਦਾ ਖੇਡੀ ਜਾਣ ਵਾਲੀ ਖੇਡ ਫੁੱਟਬਾਲ ਦੀ ਦੇਸ਼ ‘ਚ ਤਸਵੀਰ ਬਦਲ ਸਕਦਾ ਹੈ ਤੇ ਟੀਮ ਇੰਡੀਆ ਤੋਂ ਫਿਲਹਾਲ ਇਸੇ ਦੀ ਉਮੀਦ ਸਭ ਤੋਂ ਜ਼ਿਆਦਾ ਹੈ। ਭਾਰਤੀ ਟੀਮ ਨੇ ਏ. ਐੱਫ. ਸੀ. ਅੰਡਰ-16 ਚੈਂਪੀਅਨਸ਼ਿਪ ਵਿਚ 7 ਵਾਰ ਹਿੱਸਾ ਲਿਆ ਤੇ 15 ਸਾਲ ਪਹਿਲਾਂ 2002 ‘ਚ ਉਸ ਨੇ ਕੁਆਰਟਰ ਫਾਈਨਲ ਤਕ ਜਗ੍ਹਾ ਬਣਾਈ ਸੀ। 

 ਜਿਹੜਾ ਉਸ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਰਿਹਾ ਸੀ, ਹਾਲਾਂਕਿ ਉਹ ਕੋਰੀਆ ਤੋਂ ਹਾਰ ਕੇ ਇਸ ਤੋਂ ਅੱਗੇ ਨਹੀਂ ਵਧ ਸਕੀ ਸੀ। ਮੇਜ਼ਬਾਨ ਭਾਰਤੀ ਟੀਮ ਵਿਸ਼ਵ ਕੱਪ ਦੇ ਆਪਣੇ ਗਰੁੱਪ-ਏ ਵਿਚ ਪਹਿਲਾ ਮੈਚ 6 ਅਕਤੂਬਰ ਨੂੰ ਅਮਰੀਕਾ ਵਿਰੁੱਧ, 9 ਅਕਤੂਬਰ ਨੂੰ ਕੋਲੰਬੀਆ ਵਿਰੁੱਧ ਤੇ 12 ਅਕਤੂਬਰ ਨੂੰ ਘਾਨਾ ਵਿਰੁੱਧ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਖੇਡਣ ਉਤਰੇਗੀ।