ਫਿਰੋਜ਼ਪੁਰ : ਇੱਥੇ ਇੱਕ 14 ਸਾਲਾਂ ਦੇ ਬੱਚੇ ਨੂੰ ਭੀੜ-ਭਰੇ ਇਲਾਕੇ ਵਿਚ ਤੇਜ਼ਾਬ ਸੁੱਟ ਕੇ ਜ਼ਖ਼ਮੀ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਸ਼ਹਿਰ ਵਿਚ ਮਾਹੌਲ ਕਾਫ਼ੀ ਦਹਿਸ਼ਤਜ਼ਦਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਬੱਚੇ 'ਤੇ ਉਸ ਸਮੇਂ ਇਹ ਤੇਜ਼ਾਬੀ ਹਮਲਾ ਕੀਤਾ ਜਦੋਂ ਉਹ ਟਿਊਸ਼ਨ ਪੜ੍ਹਨ ਲਈ ਜਾ ਰਿਹਾ ਸੀ।
ਇਸ ਦੌਰਾਨ ਕਿਸੇ ਨਕਾਬਪੋਸ਼ ਵਿਅਕਤੀ ਨੇ ਬੱਚੇ 'ਤੇ ਤੇਜ਼ਾਬ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਿਆ। ਇਸ ਤੋਂ ਤੁਰੰਤ ਬਾਅਦ ਲੋਕਾਂ ਨੇ ਤੁਰੰਤ ਜ਼ਖਮੀ ਬੱਚੇ ਨੂੰ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ। ਜਦੋਂ ਕਿ ਹਮਲਾਵਰ ਜੋ ਖ਼ੁਦ ਇੱਕ ਬੱਚਾ ਹੀ ਲੱਗ ਰਿਹਾ ਸੀ ਕਿਸੇ ਦੇ ਹੱਥ ਆਉਣ ਤੋਂ ਪਹਿਲਾਂ ਹੀ ਫ਼ਰਾਰ ਹੋ ਗਿਆ।
ਪੁਲਿਸ ਇਸ ਮਾਮਲੇ ਦੇ ਮੁਲਜ਼ਮਾਂ ਦੀ ਭਾਲ ਵਿਚ ਜੁੱਟ ਗਈ ਹੈ। ਬੱਚੇ 'ਤੇ ਹੋਏ ਤੇਜ਼ਾਬੀ ਹਮਲੇ ਨੇ ਲੋਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕਿਸੇ ਨਾਲ ਵੀ ਦੁਸ਼ਮਣੀ ਜਾਂ ਝਗੜਾ ਹੋਣ ਤੋਂ ਨਾਂਹ ਕਰਦਿਆਂ ਕੇਸ਼ਵ ਦੇ ਮਾਪਿਆਂ ਨੇ ਕਿਹਾ ਕਿ ਕਿਸ ਨੇ ਕਿਉਂ ਹਮਲਾ ਕੀਤਾ ਹੈ ਇਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ।
ਜ਼ਖਮੀ ਬੱਚੇ ਦਾ ਇਲਾਜ ਕਰ ਰਹੀ ਡਾਕਟਰ ਦੀ ਸਹਾਇਕ ਨਰਸ ਨੇ ਦੱਸਿਆ ਕਿ ਤੇਜ਼ਾਬ ਪੈਣ ਕਰਕੇ ਕੇਸ਼ਵ ਦੀ ਛਾਤੀ ਅਤੇ ਮੂੰਹ ਝੁਲਸਿਆ ਗਿਆ ਹੈ, ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਆਰੰਭੀ ਜਾ ਰਹੀ ਹੈ।